ਚਾਨਣ ਗੋਬਿੰਦਪੁਰੀ ਅਤੇ ਦੀਪਕ ਜੈਤੋਈ

                     

                   

 

                             

 

                

ਚਾਨਣ ਗੋਬਿੰਦਪੁਰੀ ਅਤੇ ਦੀਪਕ ਜੈਤੋਈ
- ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ

                  -ਪ੍ਰੇਮ ਮਾਨ

           

ਚਾਨਣ ਗੋਬਿੰਦਪੁਰੀ ਅਤੇ ਦੀਪਕ ਜੈਤੋਈ ਪੰਜਾਬੀ ਗ਼ਜ਼ਲ ਦੇ ਬਾਨੀਆਂ ਵਿਚੋਂ ਸਨ ਜੋ ਗ਼ਜ਼ਲ ਦੀ ਤਕਨੀਕ ਦੇ ਮਾਹਿਰ ਅਤੇ ਹੰਢੇ ਹੋਏ ਗ਼ਜ਼ਲਗੋ ਅਤੇ ਗੀਤਕਾਰ ਸਨ। ਦੀਪਕ ਅਤੇ ਚਾਨਣ ਜੀ ਪੰਜਾਬੀ ਦੇ ਮੁੱਢਲੇ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਮੰਨੇ-ਪ੍ਰਮੰਨੇ ਉਸਤਾਦਾਂ ਵਿਚੋਂ ਸਨ ਜਿਨ੍ਹਾਂ ਨੇ ਸੈਂਕੜੇ ਹੀ ਨਵੇਂ ਪੰਜਾਬੀ ਗ਼ਜ਼ਲਗੋਆਂ ਨੂੰ ਗ਼ਜ਼ਲ ਲਿਖਣ ਬਾਰੇ ਸਿੱਖਿਆ ਦਿੱਤੀ। ਦੋਵਾਂ ਨੇ ਹੀ ਆਪਣੇ ਅਣਗਿਣਤ ਸ਼ਾਗਿਰਦਾਂ ਦੀ ਇਸ ਪਾਸੇ ਵੱਲ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ। ਜੇ ਅਸੀਂ ਚਾਨਣ ਅਤੇ ਦੀਪਕ ਜੀ ਨੂੰ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਆਖ ਦੇਈਏ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪਿਛਲੇ ਇਕ ਸਾਲ ਵਿਚ ਮੌਤ ਦੀ ਹਨੇਰੀ ਨੇ ਇਨ੍ਹਾਂ ਦੋਹਾਂ ਨੂੰ ਸਾਡੇ ਤੋਂ ਵਿਛੋੜ ਦਿੱਤਾ ਹੈ। ਦੀਪਕ ਜੀ ਫਰਵਰੀ 2005 ਨੂੰ ਅਤੇ ਚਾਨਣ ਜੀ ਫਰਵਰੀ 2006 ਨੂੰ ਇਸ ਦੁਨੀਆਂ ਤੋਂ ਤੁਰ ਗਏ।
  
          ਮੈਂ ਦੀਪਕ ਅਤੇ ਚਾਨਣ ਜੀ ਦੋਹਾਂ ਨੂੰ ਪਹਿਲੀ ਵਾਰ 1968 ਦੇ ਕਰੀਬ ਮਿਲਿਆ ਸੀ ਜਦੋਂ ਮੈਂ ਕਾਲਜ ਵਿਚ ਪੜ੍ਹਦਾ ਸੀ। ਉਸ ਵੇਲੇ ਦੋਹਾਂ ਦਾ ਪੰਜਾਬੀ ਗ਼ਜ਼ਲ ਵਿਚ ਕਾਫ਼ੀ ਨਾਂ ਸੀ। ਚਾਨਣ ਜੀ ਨੂੰ ਮੈਂ ਦਿੱਲੀ ਉਨ੍ਹਾਂ ਦੇ ਦਫ਼ਤਰ ਵਿਚ ਮਿਲਿਆ ਸੀ। ਉਹ ਇਕ ਸਰਕਾਰੀ ਦਫ਼ਤਰ ਵਿਚ ਉੱਚੇ ਅਹੁਦੇ 'ਤੇ ਲੱਗੇ ਹੋਏ ਸਨ। ਮੈਂ ਚਾਨਣ ਜੀ ਨਾਲ ਦੋ ਦਿਨ ਦਿੱਲੀ ਵਿਚ ਗੁਜ਼ਾਰੇ। ਮੈਂ ਉਨ੍ਹਾਂ ਦੇ ਘਰ ਹੀ ਠਹਿਰਿਆ ਸੀ। ਚਾਨਣ ਜੀ ਮੇਰੇ ਨਾਨਕੇ ਪਿੰਡ ਗੋਬਿੰਦਪੁਰ ਤੋਂ ਹੋਣ ਕਰਕੇ ਮੇਰੇ ਨਾਲ ਹੋਰ ਵੀ ਸਾਂਝ ਕਰਦੇ ਸਨ। ਵੈਸੇ ਵੀ ਚਾਨਣ ਜੀ ਦਾ ਸੁਭਾਅ ਬਹੁਤ ਹੀ ਮਿੱਠਾ ਸੀ ਅਤੇ ਉਹ ਹਰ ਇਕ ਨੂੰ ਬਹੁਤ ਹੀ ਪਿਆਰ ਅਤੇ ਨਿਮਰਤਾ ਨਾਲ ਮਿਲਦੇ ਸਨ। ਉਨ੍ਹਾਂ ਦੀ ਆਵਾਜ਼ ਅਤੇ ਬੋਲਣ ਦਾ ਅੰਦਾਜ਼ ਸ਼ਹਿਦ ਨਾਲੋਂ ਵੀ ਮਿੱਠਾ ਸੀ। ਉਨ੍ਹਾਂ ਦੇ ਚਿਹਰੇ 'ਤੇ ਹਮੇਸ਼ਾ ਸਾਦਗੀ ਅਤੇ ਮਾਸੂਮੀਅਤ ਦੀ ਝਲਕ ਰਹਿੰਦੀ ਸੀ। ਉਨ੍ਹਾਂ ਦੇ ਬੁੱਲ੍ਹਾਂ 'ਤੇ ਹਮੇਸ਼ਾ ਪਿਆਰੀ ਜਿਹੀ ਮੁਸਕਰਾਹਟ ਰਹਿੰਦੀ ਸੀ। ਮੈਨੂੰ ਉਮੀਦ ਨਹੀਂ ਕਿ ਉਹ ਕਦੇ ਵੀ ਜ਼ਿੰਦਗੀ ਵਿਚ ਗੁੱਸੇ ਵਿਚ ਆਏ ਹੋਣ ਅਤੇ ਉੱਚਾ ਬੋਲੇ ਹੋਣ। ਇਸ ਪਹਿਲੀ ਮਿਲਣੀ ਤੋਂ ਬਾਅਦ ਮੈਂ ਚਾਨਣ ਜੀ ਨੂੰ ਕਈ ਵਾਰੀ ਦਿੱਲੀ ਜਾ ਕੇ ਮਿਲਿਆ ਸੀ। ਚਿੱਠੀ ਪੱਤਰ ਤਾਂ ਸਾਡਾ ਆਮ ਹੀ ਚਲਦਾ ਰਹਿੰਦਾ ਸੀ। ਉਨ੍ਹਾਂ ਦੀ ਸ਼ਖ਼ਸੀਅਤ ਹਰ ਇਕ ਮਿਲਣ ਵਾਲੇ ਉੱਤੇ ਸਦੀਵੀ ਪ੍ਰਭਾਵ ਛੱਡ ਜਾਂਦੀ ਸੀ। ਉਨ੍ਹਾਂ ਨੂੰ ਇਕ ਵਾਰੀ ਮਿਲ ਕੇ ਫਿਰ ਵਾਰ-ਵਾਰ ਮਿਲਣ ਨੂੰ ਜੀਅ ਕਰਦਾ ਸੀ। ਚਾਨਣ ਜੀ ਦਾ ਅਸਲੀ ਨਾਂ ਚਾਨਣ ਰਾਮ ਕਲੇਰ ਸੀ ਜਿਸ ਬਾਰੇ ਉਨ੍ਹਾਂ ਦੀ ਇਕ ਗ਼ਜ਼ਲ ਦਾ ਸ਼ੇਅਰ ਹੈ-
         
          ਗੋਬਿੰਦਪੁਰੀ ਉਹ ਬਣ ਗਿਐ ਦਿੱਲੀ 'ਚ ਆਣ ਕੇ
          ਕਹਿੰਦੇ ਨੇ ਉਸਦਾ ਨਾਮ ਤਾਂ 'ਚਾਨਣ ਕਲੇਰ' ਸੀ।
         
          ਜਦੋਂ ਮੈਂ 1975 ਵਿਚ ਹਿੰਦੋਸਤਾਨ ਛੱਡ ਕੇ ਬਾਹਰ ਆਉਣਾ ਸੀ ਤਾਂ ਮੈਨੂੰ ਰਿਜ਼ਰਵ ਬੈਂਕ ਤੋਂ ਪੀ-ਫਾਰਮ ਲੈਣਾ ਪੈਣਾ ਸੀ। ਸਰਕਾਰੀ ਮੁਲਾਜ਼ਮਾਂ ਦੇ ਹੱਥੋਂ ਜ਼ਲੀਲ ਹੋਣ ਦਾ ਬਹੁਤ ਡਰ ਸੀ। ਚਾਨਣ ਜੀ ਨੇ ਝੱਟ ਆਪਣੇ ਇਕ ਉੱਚੇ ਅਹੁਦੇ ਤੇ ਰਿਜ਼ਰਵ ਬੈਂਕ ਵਿਚ ਲੱਗੇ ਦੋਸਤ ਨੂੰ ਫ਼ੋਨ ਕੀਤਾ ਅਤੇ ਮੈਨੂੰ ਪੀ-ਫਾਰਮ ਪੰਜਾਂ ਮਿੰਟਾਂ ਵਿਚ ਮਿਲ ਗਿਆ। ਚਾਨਣ ਜੀ ਦਾ ਦਿੱਲੀ ਵਿਚ ਬਹੁਤ ਅਸਰ-ਰਸੂਖ ਸੀ। ਵੱਡੇ-ਵੱਡੇ ਅਫ਼ਸਰ ਉਨ੍ਹਾਂ ਦੇ ਵਾਕਿਫ਼ ਸਨ। ਉਹ ਦਿੱਲੀ ਰੇਡੀਓ ਸਟੇਸ਼ਨ ਤੋਂ ਆਮ ਆਪਣੀਆਂ ਉਰਦੂ ਅਤੇ ਪੰਜਾਬੀ ਦੀਆਂ ਗ਼ਜ਼ਲਾਂ ਪੜ੍ਹਦੇ ਰਹਿੰਦੇ ਸਨ। ਉਨ੍ਹਾਂ ਦੇ ਲਿਖੇ ਗੀਤ ਵੀ ਦਿੱਲੀ ਰੇਡੀਓ ਸਟੇਸ਼ਨ ਤੋਂ ਗਾਏ ਜਾਂਦੇ ਸਨ। ਉਨ੍ਹਾਂ ਦੇ ਲਿਖੇ ਅਨੇਕਾਂ ਗੀਤ ਮਸ਼ਹੂਰ ਗਾਇਕਾਂ ਵੱਲੋਂ ਗਾ ਕੇ ਰਿਕਾਰਡ ਕੀਤੇ ਗਏ। ਉਨ੍ਹਾਂ ਦੀ ਗ਼ਜ਼ਲ ''ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ, ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ' ਆਸਾ ਸਿੰਘ ਮਸਤਾਨਾ ਨੇ ਗਾਈ ਅਤੇ ਬਹੁਤ ਮਸ਼ਹੂਰ ਹੋਈ। ਉਨ੍ਹਾਂ ਦੀ ਇਕ ਹੋਰ ਮਸ਼ਹੂਰ ਗ਼ਜ਼ਲ ''ਜੋ ਤੇਰੇ ਗ਼ਮ ਨੂੰ ਵੀ ਹੱਸ ਕੇ ਸਹਾਰ ਲੈਂਦੇ ਨੇ, ਉਹ ਖੁਸ਼ਨਸੀਬ ਮੁਕੱਦਰ ਸਵਾਰ ਲੈਂਦੇ ਨੇ'' ਸੁਰਿੰਦਰ ਕੌਰ ਨੇ ਗਾਈ ਸੀ। ਉਨ੍ਹਾਂ ਦਾ ਲਿਖਿਆ ਗੀਤ ''ਲਾਈ ਬੇਕਦਰਾਂ ਨਾਲ ਯਾਰੀ, ਟੁੱਟ ਗਈ ਤੜਕ ਕਰਕੇ'' ਗੁਰਦਾਸ ਮਾਨ ਨੇ ਗਾਇਆ ਹੈ।
         
          ਦੀਪਕ ਜੀ ਜੈਤੋ ਵਿਚ ਰਹਿਣ ਕਰਕੇ ਦੀਪਕ ਜੈਤੋਈ ਬਣ ਗਏ ਭਾਵੇਂ ਉਨ੍ਹਾਂ ਦਾ ਅਸਲੀ ਨਾਂ ਗੁਰਚਰਨ ਸਿੰਘ ਸੀ। ਦੀਪਕ ਜੀ ਇਕ ਬਹੁਤ ਸਾਧਾਰਨ, ਦਰਵੇਸ਼, ਸਾਈਂ ਅਤੇ ਫਕੀਰਾਂ ਜਿਹੇ ਇਨਸਾਨ ਸਨ। ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਮਿਲਿਆ ਸੀ ਤਾਂ ਉਹ ਆਪਣੇ ਘਰ ਵਿਚ ਕੰਮ ਕਰ ਰਹੇ ਸਨ। ਮੈਂ ਸੋਚਦਾ ਹੀ ਰਹਿ ਗਿਆ ਕਿ ਇਹੋ ਜਿਹਾ ਸਾਧਾਰਨ ਇਨਸਾਨ ਗ਼ਜ਼ਲ ਦਾ ਇੰਨਾ ਮਾਹਿਰ ਹੋ ਸਕਦਾ ਹੈ ਅਤੇ ਇੰਨੀ ਸੋਹਣੀ ਗ਼ਜ਼ਲ ਲਿਖ ਸਕਦਾ ਹੈ। ਉਨ੍ਹਾਂ ਦਿਨਾਂ ਵਿਚ ਦੀਪਕ ਜੀ ਦੀਆਂ ਗ਼ਜ਼ਲਾਂ 'ਕਵਿਤਾ' ਮੈਗ਼ਜ਼ੀਨ ਵਿਚ ਆਮ ਛਪਦੀਆਂ ਰਹਿੰਦੀਆਂ ਸਨ ਜੋ ਵਿਧਾਤਾ ਸਿੰਘ 'ਤੀਰ' ਅਤੇ ਕਰਤਾਰ ਸਿੰਘ 'ਬਲੱਗਣ' ਦੀ ਸੰਪਾਦਕੀ ਅਧੀਨ ਛਪਦਾ ਸੀ। ਸਾਡੀ ਪਹਿਲੀ ਮਿਲਣੀ ਤੋਂ ਬਾਅਦ ਦੀਪਕ ਜੀ ਕਈ ਵਾਰੀ ਚੰਡੀਗੜ੍ਹ ਆਏ ਅਤੇ ਮੇਰੇ ਕੋਲ ਠਹਿਰੇ ਜਿਥੇ ਮੈਂ 1971 ਤੋਂ 1975 ਤਕ ਰਿਹਾ ਸੀ। ਦੀਪਕ ਜੀ ਦੇ ਦੋ ਹੀ ਸ਼ੌਕ ਸਨ-ਗ਼ਜ਼ਲ ਅਤੇ ਸ਼ਰਾਬ। ਉਸ ਨੂੰ ਇਨ੍ਹਾਂ ਦੋਹਾਂ ਨਾਲ ਅਥਾਹ ਇਸ਼ਕ ਸੀ। ਉਹ ਗ਼ਜ਼ਲ ਪੜ੍ਹੇ-ਲਿਖੇ ਬਿਨਾਂ ਅਤੇ ਸ਼ਰਾਬ ਪੀਤੇ ਬਿਨਾਂ ਨਹੀਂ ਸੀ ਕਹਿ ਸਕਦੇ। ਦੀਪਕ ਜੀ ਦੀਆਂ ਗ਼ਜ਼ਲਾਂ ਵਿਚ ਸ਼ਰਾਬ ਦਾ ਜ਼ਿਕਰ ਆਮ ਹੈ, ਜਿਵੇਂ-
         
          ਠੇਕੇ ਬੰਦ ਨਾ ਕਰਿਓ ਯਾਰੋ,
          'ਦੀਪਕ' ਮਰ ਜਾਊ ਓਦਰ ਕੇ।
         
          ਦੀਪਕ ਜੀ ਨੇ ਗ਼ਜ਼ਲਾਂ ਦੇ ਨਾਲ ਨਾਲ ਕਾਫ਼ੀ ਗੀਤ ਵੀ ਲਿਖੇ ਹਨ। ਉਨ੍ਹਾਂ ਦੇ ਦੋ ਬਹੁਤ ਮਸ਼ਹੂਰ ਹੋਏ ਗੀਤਾਂ ਦੇ ਬੋਲ ਹਨ-''ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚਲੀਆਂ ਸਰਦਾਰੀ'' ਅਤੇ ''ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ, ਅਸਾਂ ਨੀ ਕਨੌੜ ਝੱਲਣੀ।'' ਜਿਵੇਂ ਚਾਨਣ ਜੀ ਦਾ ਦੀਪਕ ਬਾਰੇ ਹੇਠਲਾ ਸ਼ੇਅਰ ਦਰਸਾਉਂਦਾ ਹੈ, ਦੀਪਕ ਜੀ ਨੇ ਆਪਣੀ ਜ਼ਿੰਦਗੀ ਗ਼ਰੀਬੀ ਵਿਚ ਹੀ ਗੁਜ਼ਾਰੀ।
         
          ਦੀਪਕ ਦਾ ਨਾਮ ਫੇਰ ਮੈਂ ਉਸ ਨੂੰ ਚਿਤਾਰਿਆ,
          ਉਸ ਆਖਿਆ ਕਿ ਉਹ ਨੂੰ ਗਰੀਬੀ ਨੇ ਮਾਰਿਆ।
         
          ਚਾਨਣ ਅਤੇ ਦੀਪਕ ਜੀ ਦੋਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਗ਼ਜ਼ਲਾਂ ਬਾਰੇ ਅਤੇ ਗੀਤਾਂ ਦੀਆਂ ਲਿਖੀਆਂ ਅਤੇ ਛਪਵਾਈਆਂ। ਭਾਵੇਂ ਮੈਂ ਰਸਮੀ ਤੌਰ 'ਤੇ ਦੋਹਾਂ ਵਿਚੋਂ ਕਿਸੇ ਨੂੰ ਵੀ ਗੁਰੂ ਨਹੀਂ ਸੀ ਧਾਰਿਆ ਪਰ ਦੋਵੇਂ ਹੀ ਮੇਰੇ ਲਈ ਗੁਰੂਆਂ ਤੋਂ ਵੱਧ ਸਨ। ਮੈਂ ਇਨ੍ਹਾਂ ਦੋਹਾਂ ਤੋਂ ਗ਼ਜ਼ਲ ਬਾਰੇ ਬਹੁਤ ਕੁਝ ਸਿੱਖਿਆ ਹੈ। ਮੇਰੀ ਗ਼ਜ਼ਲਾਂ ਦੀ ਕਿਤਾਬ 'ਪਲਕਾਂ ਡੱਕੇ ਹੰਝੂ' ਦੀਆਂ ਸਾਰੀਆਂ ਗ਼ਜ਼ਲਾਂ ਛਪਣ ਤੋਂ ਪਹਿਲਾਂ ਦੀਪਕ ਅਤੇ ਚਾਨਣ ਜੀ ਦੀਆਂ ਨਿਗਾਹਾਂ ਹੇਠੋਂ ਲੰਘੀਆਂ ਸਨ। ਇਹ ਕਿਤਾਬ ਚਾਨਣ ਜੀ ਨੂੰ ਸਮਰਪਿਤ ਸੀ ਅਤੇ ਇਸਦਾ ਮੁੱਖਬੰਦ ਦੀਪਕ ਜੀ ਨੇ ਲਿਖਿਆ ਸੀ। ਦੀਪਕ ਜੀ ਅਤੇ ਚਾਨਣ ਜੀ ਦੋਵੇਂ ਹੀ ਨਿਪੁੰਨ ਗ਼ਜ਼ਲਗੋ ਹੋਣ ਦੇ ਨਾਲ-ਨਾਲ ਬਹੁਤ ਵਧੀਆ ਇਨਸਾਨ ਸਨ ਜੋ ਮਿਹਨਤ ਕਰਕੇ ਈਮਾਨਦਾਰੀ ਨਾਲ ਆਪਣੇ ਪਰਿਵਾਰ ਪਾਲਦੇ ਸਨ।
         
                              -(ਸ਼ੇਰੇ ਪੰਜਾਬ, ਨਿਊ ਯਾਰਕ, ਵਿੱਚ 3 ਮਾਰਚ 2006 ਨੂੰ ਛਪਿਆ)