ਚਰਨ ਸਿੰਘ ਸਫ਼ਰੀ ਬਾਰੇ ਲੇਖ

             

                  

                    

 

   
   
   
Prem Mann with Charan Singh Safri and Punjabi Singer Narinder Mavi , 1999.
   
   

                        

ਚਰਨ ਸਿੰਘ ਸਫ਼ਰੀ - ਇਕ ਕਵੀ!

                   -ਪ੍ਰੇਮ ਮਾਨ

 

ਪਹਿਲੀ ਵਾਰੀ ਮੈਂ ਚਰਨ ਸਿੰਘ ਸਫ਼ਰੀ ਹੁਰਾਂ ਨੂੰ 1969 ਵਿਚ ਮਿਲਿਆ ਸੀ। ਮੈਂ ਉਨ੍ਹਾਂ ਦੇ ਘਰ ਗਿਆ ਸੀ ਤਰਸੇਮ ਨੂੰ ਮਿਲਣ। ਸਫ਼ਰੀ ਹੁਰੀਂ ਵਿਹੜੇ ਵਿਚ ਡਿੱਠੇ ਵਾਣ ਦੇ ਨੰਗੇ ਮੰਜੇ 'ਤੇ ਨੰਗੇ ਧੜ ਸਿਰਫ਼ ਕਛਹਿਰਾ ਪਾਈ ਲੰਮੇ ਪਏ ਸਨ। ਕੋਲ ਪੱਖੀ ਪਈ ਸੀ। ਗਰਮੀਆਂ ਦੇ ਦਿਨ ਸਨ। ਮੇਰੇ ਆਉਣ 'ਤੇ ਉਹ ਉੱਠ ਕੇ ਬੈਠ ਗਏ। ਉਨ੍ਹਾਂ ਦੀ ਪਿੱਠ 'ਤੇ ਵਾਣ ਦੇ ਨਿਸ਼ਾਨ ਪਏ ਹੋਏ ਸਨ। ਤਰਸੇਮ ਨੇ ਮੇਰੇ ਬਾਰੇ ਦੱਸਿਆ ਤਾਂ ਉਨ੍ਹਾਂ ਮੈਨੂੰ ਬੈਠਣ ਲਈ ਆਖਿਆ। ਬੜੇ ਪਿਆਰ ਨਾਲ ਮਿਲੇ ਅਤੇ ਕਹਿਣ ਲੱਗੇ, ''ਮੁੰਡੇ ਦੀ ਕੋਈ ਸੇਵਾ ਕਰੋ।'' ਇਸ ਤੋਂ ਵੱਧ ਮੈਨੂੰ ਉਸ ਮਿਲਣੀ ਦੀਆਂ ਗੱਲਾਂ ਯਾਦ ਨਹੀਂ। ਮੈਂ ਉਦੋਂ ਹਾਲੇ ਕਾਲਜ ਵਿਚ ਪੜ੍ਹਦਾ ਸੀ।
     
          ਸਫ਼ਰੀ ਹੁਰੀਂ ਦਸੂਹੇ ਨੇੜੇ ਇਕ ਛੋਟੇ ਜਿਹੇ ਪਿੰਡ ਬੋਦਲ ਵਿਚ ਜੰਮੇ-ਪਲੇ ਸਨ। ਮੈਂ ਇਸੇ ਪਿੰਡ ਗਿਆ ਸੀ। ਇਹ ਉਹੀ ਪਿੰਡ ਹੈ ਜਿਥੋਂ ਦੇ ਪੰਜਾਬੀ ਸਾਹਿਤ ਦੇ ਸਮਰਥਕ ਡਾ. ਐੱਮ. ਐੱਸ. ਰੰਧਾਵਾ ਅਤੇ ਪ੍ਰਸਿੱਧ ਕਲਾਸੀਕਲ ਕੀਰਤਨੀਏ ਦਿਲਬਾਗ ਸਿੰਘ-ਗੁਲਬਾਗ ਸਿੰਘ ਹੋਏ ਹਨ।
   
           ਤਰਸੇਮ ਸਫ਼ਰੀ, ਜੋ ਆਪ ਇਕ ਬਹੁਤ ਅੱਛਾ ਸ਼ਾਇਰ ਹੈ, ਚਰਨ ਸਿੰਘ ਸਫ਼ਰੀ ਹੁਰਾਂ ਦਾ ਲੜਕਾ ਹੈ। ਤਰਸੇਮ ਮੇਰਾ 1968 ਤੋਂ ਬਹੁਤ ਪਿਆਰਾ ਅਤੇ ਨਿੱਘਾ ਦੋਸਤ ਹੈ ਜਦੋਂ ਉਹ ਸਾਡੇ ਕਾਲਜ ਕਵਿਤਾ ਦੇ ਮੁਕਾਬਲੇ ਵਿਚ ਕਵਿਤਾ ਪੜ੍ਹਨ ਆਇਆ ਸੀ ਅਤੇ ਮੈਂ ਉਸ ਕਾਲਜ ਦੀ ਵਿਦਿਆਰਥੀਆਂ ਦੀ ਯੂਨੀਅਨ ਦਾ ਜਨਰਲ ਸਕੱਤਰ ਸੀ।
   
          ਸਫ਼ਰੀ ਹੁਰਾਂ ਨਾਲ ਮੇਰੀ ਆਖ਼ਰੀ ਮਿਲਣੀ 1999 ਵਿਚ ਹੋਈ ਸੀ ਜਦੋਂ ਉਹ ਅਮਰੀਕਾ ਆਏ ਸਨ। ਮੈਨੂੰ ਉਨ੍ਹਾਂ ਦਾ ਫ਼ੋਨ ਆਇਆ। ਉਹ ਨਿਊਯਾਰਕ ਵਿਚ ਸੋਨੀ ਵਰਿੰਦਰ ਅਤੇ ਨਿਊਜਰਸੀ ਵਿਚ ਕ੍ਰਿਪਾਲ ਬਿੱਲੂ ਹੁਰਾਂ ਕੋਲ ਠਹਿਰੇ ਹੋਏ ਸਨ। ਮੈਂ ਨਿਊਯਾਰਕ ਤੋਂ ਡੇਢ ਸੌ ਮੀਲ ਕਨੈਟੀਕਟ ਵਿਚ ਰਹਿੰਦਾ ਸੀ। ਮੈਂ ਉਨ੍ਹਾਂ ਨੂੰ ਨਿਊਯਾਰਕ ਤੋਂ ਕਨੈਟੀਕਟ ਲੈ ਗਿਆ ਜਿਥੇ ਉਹ ਮੇਰੇ ਕੋਲ ਦੋ ਦਿਨ ਰਹੇ। ਖ਼ੂਬ ਗੱਲਾਂ ਕੀਤੀਆਂ। ਐਤਵਾਰ ਨੂੰ ਉਨ੍ਹਾਂ ਨੇ ਨੌਰਵਾਕ (ਕਨੈਟੀਕਟ) ਗੁਰਦੁਆਰੇ ਵਿਚ ਕਵਿਤਾਵਾਂ ਪੜ੍ਹਨੀਆਂ ਸਨ। ਮੈਂ ਉਨ੍ਹਾਂ ਨੂੰ ਉੱਥੇ ਲੈ ਗਿਆ। ਉਨ੍ਹਾਂ ਦਾ ਉੱਥੇ ਖ਼ੂਬ ਮਾਨ-ਸਨਮਾਨ ਹੋਇਆ। ਉਸੇ ਸ਼ਾਮ ਮੈਂ ਉਨ੍ਹਾਂ ਨੂੰ ਨਿਊਜਰਸੀ ਛੱਡ ਆਇਆ। ਫਿਰ ਜਿਸ ਦਿਨ ਉਨ੍ਹਾਂ ਨੇ ਵਾਪਸ ਜਾਣਾ ਸੀ, ਮੈਂ ਉਨ੍ਹਾਂ ਨੂੰ ਏਅਰਪੋਰਟ ਉੱਤੇ ਮਿਲਣ ਆਇਆ।
   
          ਸਫ਼ਰੀ ਹੁਰੀਂ ਜਿੰਨੀ ਸੋਹਣੀ ਕਵਿਤਾ ਲਿਖਦੇ ਸਨ, ਉਸ ਤੋਂ ਵੀ ਵਧੀਆ ਢੰਗ ਨਾਲ ਉਹ ਕਵਿਤਾ ਸਟੇਜ 'ਤੇ ਪੜ੍ਹਦੇ ਸਨ। ਉਨ੍ਹਾਂ ਕੋਲ ਕਵਿਤਾ ਲਿਖਣ ਦੀ ਕਲਾ ਸੀ ਅਤੇ ਕਵਿਤਾ ਪੜ੍ਹਨ ਦਾ ਹੁਨਰ ਸੀ। ਵਾਹਿਗੁਰੂ ਨੇ ਉਨ੍ਹਾਂ ਨੂੰ ਆਵਾਜ਼ ਵੀ ਕਮਾਲ ਦੀ ਦਿੱਤੀ ਸੀ। ਸਟੇਜ 'ਤੇ ਬੋਲਦੇ ਸਨ ਤਾਂ ਇੰਝ ਲੱਗਦਾ ਸੀ ਜਿਵੇਂ ਜ਼ੋਰਦਾਰ ਬਿਜਲੀ ਕੜਕ ਰਹੀ ਹੋਵੇ। ਕਵਿਤਾ ਪੜ੍ਹਦੇ ਸਨ ਤਾਂ ਸਰੋਤਿਆਂ ਦੇ ਰੌਂਗਟੇ ਖੜੇ ਕਰ ਦਿੰਦੇ ਸਨ। ਜਦੋਂ 81 ਸਾਲ ਦੀ ਉਮਰ ਵਿਚ 1999 ਵਿਚ ਉਹ ਨੌਰਵਾਕ ਗੁਰਦੁਆਰੇ ਵਿਚ ਬੋਲੇ ਤਾਂ ਇੰਝ ਲੱਗਦਾ ਸੀ ਜਿਵੇਂ ਹੁਣੇ ਗੁਰਦੁਆਰੇ ਦੀਆਂ ਕੰਧਾਂ ਹਿਲਣ ਲੱਗ ਪੈਣਗੀਆਂ। ਉਨ੍ਹਾਂ ਨੇ ਜਿਸ ਜੋਸ਼ ਨਾਲ ਕਵਿਤਾਵਾਂ ਪੜ੍ਹੀਆਂ ਉਸ ਨੂੰ ਦੇਖ ਕੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਨ੍ਹਾਂ ਦੀ ਉਮਰ 81 ਸਾਲ ਦੀ ਹੋਵੇਗੀ।
  
          ਸਫ਼ਰੀ ਹੁਰਾਂ ਨੂੰ ਦਾਰੂ ਪੀਣ ਦਾ ਬਹੁਤ ਸ਼ੌਕ ਸੀ। ਸੁਣਿਆ ਕਿ ਇਕ ਵਾਰੀ ਉਨ੍ਹਾਂ ਨੇ ਇਕ ਕਵੀ ਦਰਬਾਰ 'ਤੇ ਲੁਧਿਆਣੇ ਜਾਣਾ ਸੀ। ਉਹ ਘਰੋਂ ਦਾਰੂ ਪੀ ਕੇ ਦਸੂਹੇ ਨੂੰ ਚਲ ਪਏ। ਦਸੂਹੇ ਤੋਂ ਲੁਧਿਆਣੇ ਦੀ ਥਾਂ ਪਠਾਨਕੋਟ ਵਾਲੀ ਗੱਡੀ ਫੜ ਲਈ। ਪਠਾਨਕੋਟ ਪਹੁੰਚਣ 'ਤੇ ਸੁਰਤ ਆਈ ਤਾਂ ਪਤਾ ਲੱਗਾ ਕਿ ਗਲਤ ਥਾਂ ਪਹੁੰਚ ਗਏ ਸਨ।
         
          ਸਫ਼ਰੀ ਹੁਰਾਂ ਨੇ ਜ਼ਿਆਦਾ ਧਾਰਮਿਕ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ। ਉਨ੍ਹਾਂ ਨੇ ਕੁਝ ਪਿਆਰ ਦੇ ਗੀਤ ਅਤੇ ਗ਼ਜ਼ਲਾਂ ਵੀ ਲਿਖੀਆਂ ਹਨ ਪਰ ਉਤਨੀਆਂ ਨਹੀਂ। ਉਨ੍ਹਾਂ ਦੇ ਧਾਰਮਿਕ ਅਤੇ ਦੂਜੇ ਗੀਤ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਗਾਏ ਹਨ। ਕਈ ਗਾਇਕਾਂ ਦੀ ਮਸ਼ਹੂਰੀ ਅਤੇ ਸਫਲਤਾ ਪਿੱਛੇ ਸਫ਼ਰੀ ਹੁਰਾਂ ਦਾ ਹੱਥ ਹੈ। ਨਰਿੰਦਰ ਬੀਬਾ ਨੇ ਸਫ਼ਰੀ ਹੁਰਾਂ ਦੇ ਧਾਰਮਿਕ ਗੀਤ ਗਾ ਕੇ ਹੀ ਇੰਨਾ ਨਾਂ ਖੱਟਿਆ ਸੀ। ਕਹਿੰਦੇ ਹਨ ਕਿ ਹੰਸ ਰਾਜ ਹੰਸ ਵੀ ਸਫ਼ਰੀ ਹੁਰਾਂ ਦਾ ਗੀਤ (ਨਾਗਣੇ ਨੀ ਇਕ ਡੰਗ ਹੋਰ ਮਾਰ ਜਾ) ਗਾ ਕੇ ਹੀ ਚੜ੍ਹਿਆ ਸੀ। ਦੇਬੀ ਮਖ਼ਸੂਸਪੁਰੀ ਦੀ ਨਵੀਂ ਕੈਸੇਟ ਦਾ ਸਭ ਤੋਂ ਵਧੀਆ ਗਾਣਾ ਵੀ ਸਫ਼ਰੀ ਹੁਰਾਂ ਦਾ ਹੀ ਲਿਖਿਆ ਹੋਇਆ ਹੈ। ਇਸ ਗੀਤ ਦੇ ਬੋਲ ਹਨ-
         
          ਅੱਖਾਂ 'ਚ ਸ਼ਰਾਬ ਗੋਰੀਏ,
          ਨੀ ਤੂੰ ਸੁਰਮਾ ਪਾਉਣ ਨੂੰ ਕਹਿੰਦੀ।
          ਮਹਿੰਦੀ ਵਾਲੇ ਹੱਥ ਨਾ ਕਰੀਂ,
          ਅੱਗ ਉੱਡ ਕੇ ਨਸ਼ੇ ਨੂੰ ਪੈਂਦੀ।
         
          ਕਵੀ ਇਕ ਚਿੱਤਰਕਾਰ ਵਾਂਗੂ ਹੈ। ਚਿੱਤਰਕਾਰ ਬੁਰਸ਼ ਅਤੇ ਰੰਗ ਲੈ ਕੇ ਤਸਵੀਰ ਵਾਹੁੰਦਾ ਹੈ। ਕਵੀ ਕਲਮ ਤੇ ਪੇਪਰ ਲੈ ਕੇ ਸ਼ਬਦਾਂ ਨੂੰ ਵਰਤ ਕੇ ਤਸਵੀਰ ਬਣਾਉਂਦਾ ਹੈ। ਸਫ਼ਲ ਕਵੀ ਉਹੋ ਹੀ ਹੈ ਜਿਸਦੀ ਕਵਿਤਾ ਪੜ੍ਹ ਕੇ ਤੁਹਾਡਾ ਦਿਲ ਖਿੱਚਿਆ ਜਾਵੇ ਅਤੇ ਵਰਣਨ ਕੀਤੀ ਗੱਲ ਦੀ ਝਲਕੀ ਤੁਹਾਡੀਆਂ ਅੰਤਰ ਅੱਖਾਂ ਅੱਗਿਓਂ ਲੰਘ ਜਾਵੇ। ਸਫ਼ਰੀ ਹੁਰਾਂ ਦੀ ਕਵਿਤਾ ਵਿਚ ਇਹ ਗੁਣ ਆਮ ਮਿਲਦਾ ਹੈ। ਬਿੰਬ ਵਰਤਣ ਵਿਚ ਸਫ਼ਰੀ ਹੁਰੀਂ ਮਾਹਿਰ ਸਨ। ਹਰ ਗੱਲ ਨੂੰ ਸਧਾਰਨ ਪਰ ਬਹੁਤ ਹੀ ਸੁਚੱਜੇ ਅਤੇ ਕਲਾਮਈ ਢੰਗ ਨਾਲ ਕਹਿਣਾ ਉਨ੍ਹਾਂ ਦੀ ਖ਼ੂਬੀ ਸੀ। ਕਵਿਤਾ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਦੇਣ ਦੀ ਕਲਾ ਉਨ੍ਹਾਂ ਨੂੰ ਰੱਬ ਨੇ ਬਹੁਤ ਬਖ਼ਸ਼ੀ ਸੀ। ਇਸ ਦੀਆਂ ਪ੍ਰਤੀਕ ਮਾਤਾ ਗੁਜ਼ਰੀ ਬਾਰੇ ਲਿਖੀਆਂ ਇਕ ਕਵਿਤਾ 'ਚੋਂ ਲਈਆਂ ਹੇਠ ਲਿਖੀਆਂ ਸਤਰਾਂ ਹਨ ਜਿਨ੍ਹਾਂ ਵਿਚ ਮਾਤਾ ਗੁਜਰੀ ਜੱਲਾਦ ਨੂੰ ਜਵਾਬ ਦਿੰਦੀ ਹੈ-
         
          ਮਾਤਾ ਗੁਜਰੀ ਅੱਗੋਂ ਜਵਾਬ ਦਿੱਤਾ,
          ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ।
          ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
          ਘੜੀ-ਘੜੀ ਗੁਜਰੀ ਪਲ-ਪਲ ਗੁਜਰੀ।
          ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
          ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ।
          ਗੁਜਰੀ ਲੋਕ ਮੈਨੂੰ ਤਾਹੀਓਂ ਆਖਦੇ ਨੇ,
          ਜਿਹੜੀ ਆਈ ਸਿਰ 'ਤੇ ਉਹ ਮੈਂ ਝੱਲ ਗੁਜਰੀ।
         
          ਸਫ਼ਰੀ ਹੁਰਾਂ ਦੇ ਲਿਖਣ ਦਾ ਕਮਾਲ ਹੀ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਬਿਆਨ ਕੀਤੇ ਦ੍ਰਿਸ਼ ਇਹ ਕਵਿਤਾਵਾਂ ਅਤੇ ਗੀਤ ਪੜ੍ਹਦਿਆਂ ਅਤੇ ਸੁਣਦਿਆਂ ਤੁਹਾਡੀਆਂ ਅੱਖਾਂ ਅੱਗੇ ਆ ਜਾਂਦੇ ਹਨ। ਜਿਵੇਂ ਸਾਡੇ ਵਿਚੋਂ ਜਿਨ੍ਹਾਂ ਨੇ ਚਰਖ਼ੇ ਕੱਤਦੀਆਂ ਪੰਜਾਬਣਾਂ ਦੇਖੀਆਂ ਹਨ, ਇਹ ਗੀਤ ਪੜ੍ਹ-ਸੁਣ ਕੇ ਉਹ ਦ੍ਰਿਸ਼ ਝੱਟ ਸਾਡੀਆਂ ਅੰਤਰ-ਅੱਖਾਂ ਅੱਗਿਓਂ ਲੰਘ ਜਾਵੇਗਾ-
         
          ਤੱਕਲੇ ਦੇ ਵਲ਼ ਕੱਢ ਲੈ
          ਤੇਰਾ ਤੰਦ ਨਾ ਲਪੇਟਿਆ ਜਾਏ।
         
          ਇਹ ਸਤਰਾਂ ਪੜ੍ਹਦਿਆਂ ਹੀ ਹੱਥ ਨਾਲ ਤੱਕਲੇ ਦੇ ਵੱਟ ਕੱਢਦੀ ਪੰਜਾਬਣ ਦੀ ਤਸਵੀਰ ਅੱਖਾਂ ਅੱਗੇ ਆ ਜਾਂਦੀ ਹੈ। ਇਸੇ ਤਰ੍ਹਾਂ ਦੇ ਕੁਝ ਹੋਰ ਗੀਤਾਂ ਦੇ ਬੋਲਾਂ ਦੀਆਂ ਉਦਾਹਰਣਾਂ ਹਨ-
         
          ਸਾਡੇ ਲਾਗਿਉਂ ਦੀ ਲੰਘ ਜਾ, ਬੁਲਾਈਂ ਨਾ ਬੁਲਾਈਂ।
          ਤੇਰਾ ਹੈ ਨਹੀਂ ਵੇ ਪਿਆਰ, ਸੌਹਾਂ ਝੂਠੀਆਂ ਨਾ ਖਾਈਂ।
         
          ਹਵਾ ਬੇਈਮਾਨ, ਬੜਾ ਔਂਤਰਾ ਜ਼ਮਾਨਾ ਏ।
          ਕੱਲ੍ਹ ਜਿਹੜਾ ਆਪਣਾ ਸੀ, ਅੱਜ ਉਹ ਬੇਗਾਨਾ ਏ।
         
          ਚਿੱਟੇ ਦੰਦ ਬੁੱਲੀਂ ਲਾਲ ਦੰਦਾਸਾ
          ਹਾੜਾ ਓ ਰੱਬ ਖ਼ੈਰ ਕਰੇ।
         
          ਹੱਥ ਅੱਲੜ੍ਹਾਂ ਦੇ ਤੇਜ਼ ਗੰਡਾਸਾ
          ਹਾੜਾ ਓ ਰੱਬ ਖ਼ੈਰ ਕਰੇ।
         
          ਹੱਸ ਕੇ ਨਾ ਲੰਘ ਗੋਰੀਏ
          ਫੁੱਲ ਕਿਰ ਗਏ ਗਲੀ ਦੇ ਵਿਚ ਸਾਰੇ।
         
          ਅੱਖਾਂ ਮੀਟ ਗਈ ਜਦੋਂ ਦੀ ਸਾਡੀ ਮਾਂ
          ਸਾਡਾ ਨੀ ਏਥੇ ਦਿਲ ਲੱਗਦਾ।
         
          ਸਾਡਾ ਲਿਖ ਲਓ ਯਤੀਮਾਂ ਵਿਚ ਨਾਂ,
          ਸਾਡਾ ਨੀ ਏਥੇ ਦਿਲ ਲੱਗਦਾ।
          
          ਸਫ਼ਰੀ ਹੁਰਾਂ ਗ਼ਜ਼ਲਾਂ ਵੀ ਲਿਖੀਆਂ ਪਰ ਬਹੁਤੀਆਂ ਜ਼ਿਆਦਾ ਨਹੀਂ। ਉਨ੍ਹਾਂ ਦੀ ਇਕ ਗ਼ਜ਼ਲ ਦਾ ਹੇਠਲਾ ਸ਼ੇਅਰ ਤਾਂ ਬਹੁਤ ਮਸ਼ਹੂਰ ਹੋਇਆ ਸੀ ਜਿਸ ਵਿਚ ਮਾਸ਼ੂਕ ਦੇ ਨਾਤਾ ਤੋੜ ਜਾਣ 'ਤੇ ਕਵੀ ਸਫ਼ਰੀ ਆਪਣੇ ਆਪ ਨੂੰ ਇਕ ਅਜੀਬ ਢੰਗ ਨਾਲ ਹੌਸਲਾ ਦਿੰਦਾ ਹੈ-
         
          ਬੜਾ ਅਫ਼ਸੋਸ ਸੱਜਣਾ 'ਤੇ, ਬਿਗੜ ਗਏ ਗ਼ੈਰ ਦੇ ਆਖੇ।
          ਤੂੰ ਰੱਖ ਕੁਝ ਹੌਸਲਾ 'ਸਫ਼ਰੀ', ਕਈਆਂ ਦੇ ਮਰ ਵੀ ਜਾਂਦੇ ਨੇ।
         
          ਸਫ਼ਰੀ ਹੁਰਾਂ ਨੂੰ ਗ਼ਜ਼ਲਾਂ ਲਿਖਣ ਵਿਚ ਵੀ ਬਹੁਤ ਨਿਪੁੰਨਤਾ ਸੀ। ਹੇਠ ਲਿਖੇ ਕੁਝ ਸ਼ੇਅਰ ਮਿਸਾਲ ਵਜੋਂ ਦੇਖੋ-
          
          ਹੱਥઠ ਮਹਿੰਦੀ ਰੰਗਲੇ ਕੋਈ ਫੁੱਲ ਤੋੜਨ ਜਾ ਰਿਹਾ
          ਪੋਟਿਆਂ ਵਿਚ ਅੱਗ ਹੈ, ਨਾ ਫੂਕ ਦੇਵੇ ਗੁਲਜ਼ਾਰ ਨੂੰ।
         
          ਖ਼ਤ ਹੁਸੀਨਾ ਦੇ ਹੀ ਮੇਰੀ ਲਾਸ਼ ਉੱਤੇ ਪਾ ਦਿਓ
          ਕੌਣ ਕਫ਼ਨ ਲੈਣ ਸਾਡਾ ਜਾਏਗਾ ਬਾਜ਼ਾਰ ਨੂੰ।

         
          ਕਿਉਂ ਮਧਾਣੀ ਸੜੀ, ਮੱਖਣ ਕਿਵੇਂ ਕੋਲੇ ਹੋ ਗਿਆ
          ਦੁੱਧ ਨੂੰ ਕਿਉਂ ਹੰਝੂਆਂ ਦਾ ਜਾਗ ਲਾਇਆ ਕਿਸੇ ਨੇ।
         
          ਖ਼ਾਬ ਵਿਚ ਮਹਿਬੂਬ ਸਫ਼ਰੀ ਹਾਲ ਪੁੱਛਦਾ ਰਹਿ ਗਿਆ
          ਅਫ਼ਸੋਸ ਸਾਨੂੰ ਸੁੱਤਿਆਂ ਨੂੰ ਕਿਉਂ ਜਗਾਇਆ ਕਿਸੇ ਨੇ।
         
          ਸਫ਼ਲ ਗਾਇਕਾਂ ਦੀ ਮਸ਼ਹੂਰੀ ਅਤੇ ਚੜ੍ਹਤ ਪਿੱਛੇ ਚੰਗੇ ਗੀਤ ਲੇਖਕਾਂ ਦਾ ਬਹੁਤ ਹੱਥ ਹੁੰਦਾ ਹੈ, ਪਰ ਬਦਕਿਸਮਤੀ ਇਹ ਹੈ ਕਿ ਚੰਗੇ ਗੀਤਾਂ ਲਈ ਲਗਪਗ ਸਾਰੀ ਸਲਾਹੁਣਾ ਗਾਇਕਾਂ ਦੀ ਝੋਲੀ ਵਿਚ ਹੀ ਪੈਂਦੀ ਹੈ। ਬਹੁਤੇ ਲੋਕਾਂ ਨੂੰ ਨਾ ਹੀ ਇਹ ਪਤਾ ਹੁੰਦਾ ਅਤੇ ਨਾ ਹੀ ਉਨ੍ਹਾਂ ਨੇ ਕਦੇ ਇਹ ਸੋਚਿਆ ਹੁੰਦਾ ਹੈ ਕਿ ਸਫ਼ਲ ਗੀਤ ਕਿਸ-ਕਿਸ ਗੀਤਕਾਰ ਨੇ ਲਿਖੇ ਹਨ। ਕਿੰਨੇ ਕੁ ਲੋਕ ਜਾਣਦੇ ਹਨ ਕਿ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗਾਏ ਗੀਤ 'ਇਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ' ਅਤੇ 'ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ' ਅਸਲ ਵਿਚ ਸ਼ਿਵ ਕੁਮਾਰ ਬਟਾਲਵੀ ਨੇ ਲਿਖੇ ਸਨ? ਜਾਂ ਫਿਰ 'ਆ ਲੈ ਮਾਏਂ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ' ਦੀਪਕ ਜੈਤੋਈ ਨੇ ਲਿਖਿਆ ਸੀ। ਮਸ਼ਹੂਰ ਗੀਤ 'ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲੀ-ਗਲੀ ਵਿਚ ਡੰਡ ਪਾਉਂਦੀਆਂ ਗਈਆਂ' ਨੰਦ ਲਾਲ ਨੂਰਪੁਰੀ ਦੀ ਲਿਖਤ ਸੀ। ਬਹੁਤੇ ਗੀਤਕਾਰ ਭੁੱਖਾਂ ਨਾਲ ਜੂਝਦੇ ਜ਼ਿੰਦਗੀ ਗੁਜ਼ਾਰ ਜਾਂਦੇ ਹਨ। ਨੰਦ ਲਾਲ ਨੂਰਪੁਰੀ ਗਰੀਬੀ ਵਿਚ ਆਤਮ-ਹੱਤਿਆ ਕਰ ਗਿਆ ਸੀ। ਪਰ ਇਨ੍ਹਾਂ ਹੀ ਗੀਤਕਾਰਾਂ ਦੇ ਲਿਖੇ ਖ਼ੂਬਸੂਰਤ ਗੀਤ ਗਾ ਕੇ ਗਾਇਕ ਅਤੇ ਸੰਗੀਤ ਕੰਪਨੀਆਂ ਲੱਖਾਂ-ਕਰੋੜਾਂ ਰੁਪਏ ਕਮਾਉਂਦੀਆਂ ਹਨ।
         
          ਮੈਂ 14 ਦਸੰਬਰ ਨੂੰ ਪੰਜਾਬ ਗਿਆ ਸੀ ਅਤੇ 5 ਜਨਵਰੀ ਨੂੰ ਵਾਪਸ ਆਇਆ ਸੀ। ਤਰਸੇਮ ਮੈਨੂੰ ਦੋ ਵਾਰੀ ਮਿਲਣ ਆਇਆ ਸੀ। ਮੈਂ ਇਕ ਵਿਆਹ ਵਿਚ ਰੁੱਝਾ ਹੋਣ ਕਰਕੇ ਅਤੇ ਕੁਝ ਹੋਰ ਰੁਝੇਵਿਆਂ ਕਾਰਨ ਸਫ਼ਰੀ ਹੁਰਾਂ ਨੂੰ ਮਿਲਣ ਨਾ ਜਾ ਸਕਿਆ ਭਾਵੇਂ ਦਿਲ ਬਹੁਤ ਚਾਹੁੰਦਾ ਸੀ। ਇਹ ਵੀ ਨਹੀਂ ਸੀ ਪਤਾ ਕਿ ਸਫ਼ਰੀ ਹੁਰੀਂ ਛੇਤੀ ਹੀ ਤੁਰ ਜਾਣਗੇ। ਤਿੰਨ ਜਨਵਰੀ ਨੂੰ ਜਦੋਂ ਤਰਸੇਮ ਮਿਲਣ ਆਇਆ ਤਾਂ ਅਸੀਂ ਸਫ਼ਰੀ ਹੁਰਾਂ ਦੀਆਂ ਅਤੇ ਉਨ੍ਹਾਂ ਦੀ ਕਵਿਤਾ ਬਾਰੇ ਕਾਫ਼ੀ ਦੇਰ ਗੱਲਾਂ ਕਰਦੇ ਰਹੇ। ਮੈਂ ਸਫ਼ਰੀ ਹੁਰਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਤਰਸੇਮ ਨੇ ਸਰਸਰੀ ਜਿਹੀ ਆਖਿਆ, ''ਪਿਤਾ ਜੀ ਥੋੜ੍ਹਾ ਢਿੱਲੇ ਰਹਿੰਦੇ ਹਨ। ਉਮਰ ਵੀ ਤਾਂ ਹੁਣ ਕਾਫ਼ੀ ਹੋ ਗਈ ਹੈ।'' ਤਰਸੇਮ ਗੀਤ ਅਤੇ ਗ਼ਜ਼ਲਾਂ ਲਿਖਦਾ ਹੈ। ਉਹ ਧਾਰਮਿਕ ਕਵਿਤਾਵਾਂ ਨਹੀਂ ਲਿਖਦਾ। ਸਫ਼ਰੀ ਹੁਰਾਂ ਨੇ ਬਹੁਤੀਆਂ ਧਾਰਮਿਕ ਕਵਿਤਾਵਾਂ ਅਤੇ ਗੀਤ ਲਿਖੇ ਹਨ। ਸਫ਼ਰੀ ਹੁਰਾਂ ਦਾ ਅਤੇ ਤਰਸੇਮ ਦਾ ਹਮੇਸ਼ਾ ਪਿਆਰ-ਭਰਿਆ ਝਗੜਾ ਰਿਹਾ ਹੈ ਕਿ ਕੌਣ ਠੀਕ ਹੈ। ਸਫ਼ਰੀ ਸਾਹਿਬ ਹਮੇਸ਼ਾ ਤਰਸੇਮ ਨੂੰ ਕਹਿੰਦੇ ਸਨ ਕਿ ਗ਼ਜ਼ਲਾਂ ਅਤੇ ਪਿਆਰ ਦੇ ਗੀਤ ਲਿਖਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਇਸ ਤੋਂ ਰੋਟੀ ਨਹੀਂ ਮਿਲਦੀ। ਉਨ੍ਹਾਂ ਨੇ ਧਾਰਮਿਕ ਕਵਿਤਾਵਾਂ ਅਤੇ ਗੀਤ ਲਿਖ ਕੇ ਅਤੇ ਸਟੇਜਾਂ 'ਤੇ ਪੜ੍ਹ ਕੇ ਆਪਣਾ ਬਹੁਤ ਵਧੀਆ ਗੁਜ਼ਾਰਾ ਕੀਤਾ ਸੀ। ਤਰਸੇਮ ਕਹਿੰਦਾ ਹੈ ਕਿ ਧਾਰਮਿਕ ਗੀਤਾਂ ਦੀ ਜ਼ਿੰਦਗੀ ਲੰਬੀ ਨਹੀਂ। ਉਸਦਾ ਕਹਿਣਾ ਹੈ ਕਿ ਸਫ਼ਰੀ ਹੁਰਾਂ ਦੇ ਤੁਰ ਜਾਣ ਤੋਂ ਬਾਅਦ ਕਿਸ ਨੇ ਉਨ੍ਹਾਂ ਦੀਆਂ ਧਾਰਮਿਕ ਕਵਿਤਾਵਾਂ ਅਤੇ ਗੀਤ ਪੜ੍ਹਨੇ ਹਨ ਅਤੇ ਇਨ੍ਹਾਂ ਦੀ ਗੱਲ ਕਰਨੀ ਹੈ? ਦੋਵੇਂ ਆਪੋ-ਆਪਣੇ ਥਾਂ ਠੀਕ ਹਨ। ਸਫ਼ਰੀ ਹੁਰਾਂ ਕੋਲ ਕਵਿਤਾ ਲਿਖਣ ਦੀ ਜਿੰਨੀ ਕਲਾ ਸੀ, ਜੇ ਉਹ ਪਿਆਰ ਦੀ ਕਵਿਤਾ ਲਿਖਦੇ ਤਾਂ ਸ਼ਾਇਦ ਸ਼ਿਵ ਕੁਮਾਰ ਦੇ ਬਰਾਬਰ ਖੜ੍ਹੇ ਹੁੰਦੇ। ਭਾਵੇਂ ਸਫ਼ਰੀ ਹੁਰਾਂ ਦਾ ਧਾਰਮਿਕ ਕਵਿਤਾਵਾਂ ਅਤੇ ਗੀਤਾਂ ਵਿਚ ਬਹੁਤ ਉੱਚਾ ਅਸਥਾਨ ਹੈ ਪਰ ਮੈਂ ਕੁਝ ਹੱਦ ਤਕ ਤਰਸੇਮ ਨਾਲ ਸਹਿਮਤ ਹਾਂ।
         
          ਸਫ਼ਰੀ ਹੁਰਾਂ ਨੇ ਮਿਰਜ਼ਾ-ਸਾਹਿਬਾਂ, ਹੀਰ-ਰਾਂਝੇ ਅਤੇ ਸੱਸੀ-ਪੁੰਨੂੰ ਬਾਰੇ ਵੀ ਗੀਤ ਤੇ ਕਵਿਤਾਵਾਂ ਲਿਖੀਆਂ ਹਨ। ਉਨ੍ਹਾਂ ਦੀ ਇਕ ਮਿਰਜ਼ਾ-ਸਾਹਿਬਾਂ ਤੇ ਲਿਖੀ ਕਵਿਤਾ ਵਿਚੋਂ ਕੁਝ ਸਤਰਾਂ ਪੇਸ਼ ਹਨ-
         
          ਇੱਕ ਪਾਸੇ ਮਿਰਜ਼ਾ ਯਾਰ ਹੈ
          ਇੱਕ ਪਾਸੇ ਵੀਰ ਸਿਆਲ।
          ਵੇ ਮੈਂ ਦੋਂਹ ਪੁੜਾਂ ਵਿਚ ਪਿਸ ਗਈ
          ਮੇਰਾ ਮਿਰਜ਼ਿਆ ਮੰਦੜਾ ਹਾਲ।
          ਨੀ ਮੈਂ ਮਿਰਜ਼ਾ ਸਾਫ਼ ਜ਼ਮੀਰ ਦਾ
          ਤੂੰ ਖੇਖਨ ਹੱਥੀਂ ਰੰਡ।
          ਤੂੰ ਭਾਈਆਂ ਵੱਲ ਦੀ ਹੋ ਗਈ
          ਇੱਕ ਯਾਰ ਦੀ ਲਾ ਕੇ ਕੰਡ।
          ਮੇਰਾ ਤਰਕਸ਼ ਭੰਨਿਆ ਵੈਰਨੇ
          ਰਹੇ ਪੰਛੀ ਪਾਉਂਦੇ ਡੰਡ।
          ਕਿਸ ਦਗ਼ਾਬਾਜ਼ 'ਨਾ ਲਾ ਲਈਆਂ
          ਮੈਨੂੰ ਤਾਅਨੇ ਦੇਂਦਾ ਜੰਡ।
         
          ਮੈਂ 5 ਜਨਵਰੀ ਨੂੰ ਹਿੰਦੋਸਤਾਨ ਤੋਂ ਵਾਪਸ ਅਮਰੀਕਾ ਪਹੁੰਚਿਆ ਸੀ। 6 ਜਨਵਰੀ ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਸਫ਼ਰੀ ਹੁਰੀਂ ਪੂਰੇ ਹੋ ਗਏ ਹਨ। ਸੁਣ ਕੇ ਦੁੱਖ ਹੋਇਆ ਪਰ ਖ਼ੁਸ਼ੀ ਇਸ ਗੱਲ ਦੀ ਹੈ ਕਿ ਸਫ਼ਰੀ ਹੁਰੀਂ ਲੰਬੀ ਅਤੇ ਖੁਸ਼ਹਾਲ ਜ਼ਿੰਦਗੀ ਭੋਗ ਕੇ ਤੁਰਦੇ-ਫਿਰਦੇ ਇਸ ਦੁਨੀਆਂ ਤੋਂ ਗਏ ਹਨ। ਸਫ਼ਰੀ ਹੁਰਾਂ ਦੀ ਪੰਜਾਬੀ ਸਾਹਿਤ, ਸਿੱਖ ਧਰਮ ਅਤੇ ਪੰਜਾਬੀ ਗੀਤਕਾਰੀ ਨੂੰ ਦਿੱਤੀ ਦੇਣ ਛੇਤੀ ਮਿਟਣ ਵਾਲੀ ਨਹੀਂ। ਅਖ਼ੀਰ ਵਿਚ ਸਫ਼ਰੀ ਹੁਰਾਂ ਦੀ ਇੱਕ ਗ਼ਜ਼ਲ ਦਾ ਸ਼ੇਅਰ ਪੇਸ਼ ਹੈ-
         
          ਸੁਖੀ ਵਸੋ ਬੁਲਬੁਲੋ, ਤੇ ਮੌਜ ਮਾਣੋ ਭੌਰਿਓ!
          ਜਾ ਰਿਹਾ ਹੈ ਇਕ 'ਸਫ਼ਰੀ' ਚਮਨ ਵਿਚੋਂ ਜਾ ਰਿਹਾ!!
         
                              -(ਸ਼ੇਰੇ ਪੰਜਾਬ, ਨਿਊ ਯਾਰਕ, ਵਿੱਚ 10 ਫਰਵਰੀ 2006 ਨੂੰ ਛਪਿਆ)