ਕਸ਼ਮੀਰ ਗਿੱਲ ਨਾਲ ਮੁਲਾਕਾਤ

 

 

 

 

 

           

     
 

 

ਮੈਨੂੰ ਦਿਖਾਵੇ ਵਾਲੀ ਜ਼ਿੰਦਗੀ ਪਸੰਦ ਨਹੀਂ-ਕਸ਼ਮੀਰ ਗਿੱਲ

ਮੁਲਾਕਾਤੀ: ਪ੍ਰੇਮ ਮਾਨ ਅਤੇ ਸੁਰਿੰਦਰ ਸੋਹਲ

 

      ਕਸ਼ਮੀਰ ਗਿੱਲ (ਵਿਚਕਾਰ), ਸੁਰਿੰਦਰ ਸੋਹਲ (ਸੱਜੇ), ਅਤੇ ਪ੍ਰੇਮ ਮਾਨ  (ਅਪ੍ਰੈਲ 2006)

ਫਿਲਮ 'ਦੇਸ ਹੋਇਆ ਪਰਦੇਸ' ਨਾਲ ਚਰਚਾ ਵਿਚ ਆਏ ਕਸ਼ਮੀਰ ਗਿੱਲ ਨਿਊਜਰਸੀ ਵਿਚ ਰਹਿੰਦੇ ਹਨ। ਉਹ ਸਫਲ ਬਿਜ਼ਨੈਸਮੈਨ ਹਨ। 'ਦੇਸ ਹੋਇਆ ਪਰਦੇਸ' ਦੀ ਅਪਾਰ ਸਫਲਤਾ ਤੋਂ ਬਾਅਦ ਇਨੀ ਦਿਨੀਂ ਕਸ਼ਮੀਰ ਗਿੱਲ ਅਤੇ ਗੁਰਦਾਸ ਮਾਨ 'ਸਾਈ ਕਰੀਏਸ਼ਨ' ਬੈਨਰ ਹੇਠ ਪੰਜਾਬੀ ਫਿਲਮ 'ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ' ਬਣਾ ਰਹੇ ਹਨ। ਪਿਛਲੇ ਦਿਨੀਂ ਸਾਨੂੰ ਕਸ਼ਮੀਰ ਗਿੱਲ ਹੋਰਾਂ ਨਾਲ ਲੰਬੀ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਸ ਮੁਲਾਕਾਤ ਵਿਚੋਂ ਪ੍ਰਮੁੱਖ ਅੰਸ਼ ਪੇਸ਼ ਹਨ:
        
? ਗਿੱਲ ਸਾਹਿਬ, ਤੁਸੀਂ ਅਮਰੀਕਾ ਕਦੋਂ ਆਏ ਅਤੇ ਇਥੇ ਕਿਵੇਂ ਸਥਾਪਤ ਹੋਏ?
        

- ਮੈਂ 1991 ਵਿਚ ਅਮਰੀਕਾ ਆਇਆ ਸੀ। ਨਿਊਜਰਸੀ ਟੈਕਨੋਲੋਜੀ ਕਾਲਜ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਕਰਕੇ ਆਪਣੇ ਰਿਸ਼ਤੇਦਾਰਾਂ ਨਾਲ ਗੈਸ ਸਟੇਸ਼ਨਾਂ ਵਿਚ ਹਿੱਸਾ ਪਾ ਲਿਆ। ਹੁਣ ਸਾਡੇ ਕੋਲ 11 ਦੇ ਕਰੀਬ ਗੈਸ ਸਟੇਸ਼ਨ ਹਨ।
        

              
? ਤੁਸੀਂ ਗੁਰਦਾਸ ਮਾਨ ਦੇ ਸੰਪਰਕ ਵਿਚ ਕਿਵੇਂ ਆਏ? ਇਸ ਲੰਬੀ ਤੇ ਪੀਢੀ ਦੋਸਤੀ ਦਾ ਰਾਜ਼ ਕੀ ਹੈ?
    
- ਹਰ ਪੰਜਾਬੀ ਗੁਰਦਾਸ ਮਾਨ ਨੂੰ ਮਿਲਣ ਦਾ ਚਾਹਵਾਨ ਹੈ। ਉਹ ਮੇਰੇ-ਤੁਹਾਡੇ ਨਹੀਂ, ਸਭ ਦੇ ਹਨ। ਜਦੋਂ ਮੈਂ ਚੰਡੀਗੜ੍ਹ ਪੜ੍ਹਦਾ ਸੀ, ਉਹ ਉਥੇ ਇਕ ਪ੍ਰੋਗਰਾਮ ਕਰਨ ਆਏ ਸਨ। ਮੇਰਾ ਜੀਅ ਕਰਦਾ ਸੀ, ਉਹਨਾਂ ਨੂੰ ਜਾ ਕੇ ਛੂਹ ਕੇ ਦੇਖਾਂ। 1996 ਵਿਚ ਜਦੋਂ ਉਹ ਨਿਊਯਾਰਕ ਪ੍ਰੋਗਰਾਮ ਕਰਨ ਆਏ, ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਬਾਅਦ ਵਿਚ ਸਾਡੀ ਦੋਸਤੀ ਪੀਢੀ ਹੋ ਗਈ। ਮੇਰੇ ਖਿਆਲ ਵਿਚ ਲੰਬੀ ਦੋਸਤੀ ਪਿੱਛੇ ਇਕ ਹੀ ਰਾਜ਼ ਹੁੰਦਾ ਹੈ, ਇਮਾਨਦਾਰੀ ਅਤੇ ਦੂਸਰੇ ਦੀ ਇਜ਼ਤ ਕਰਨਾ। ਮਾਨ ਸਾਹਿਬ ਬਹੁਤ ਨੇਕ ਇਨਸਾਨ ਹਨ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹਾਂ।
    

        

? ਫਿਲਮ 'ਦੇਸ ਹੋਇਆ ਪਰਦੇਸ' ਬਣਾਉਣ ਦੀ ਯੋਜਨਾ ਕਿਵੇਂ ਬਣੀ?

        
- ਇਹ ਕਹਾਣੀ ਮੇਰੇ ਇਕ ਬਹੁਤ ਹੀ ਗੂੜੇ ਅਤੇ ਪਿਆਰੇ ਦੋਸਤ ਨਾਲ ਸੰਬੰਧਿਤ ਹੈ। ਉਸਦਾ ਪਰਿਵਾਰ ਅੱਜ ਵੀ ਅਮਰੀਕਾ ਵਿਚ ਰਹਿ ਰਿਹਾ ਹੈ। ਜਦੋਂ ਉਸਨੂੰ ਪੁਲਿਸ ਨੇ ਮਾਰ ਦਿੱਤਾ ਸੀ ਤਾਂ ਮੇਰੇ ਦਿਲ ਵਿਚ ਬੜੀ ਸ਼ਿੱਦਤ ਨਾਲ ਇਹ ਭਾਵਨਾ ਉਠਦੀ ਹੁੰਦੀ ਸੀ ਕਿ ਮੈਂ ਆਪਣੇ ਉਸ ਦੋਸਤ ਲਈ ਕੁਝ ਅਜਿਹਾ ਕਰ ਸਕਾਂ, ਜਿਸ ਨਾਲ ਮੈਨੂੰ ਮਾਨਸਿਕ ਸਕੂਨ ਮਿਲ ਸਕੇ। ਮੈਂ ਕੋਈ ਦਸ ਸਾਲ ਇਸ ਬਾਰੇ ਸੋਚਦਾ ਰਿਹਾ। ਮੈਨੂੰ ਇਸ ਬਾਰੇ ਫਿਲਮ ਬਣਾਉਣ ਦਾ ਖਿਆਲ ਆਇਆ ਤਾਂ ਮੈਂ ਸੋਚਦਾ ਰਹਿੰਦਾ ਕਿ ਇਹ ਫਿਲਮ ਸ਼ੁਰੂ ਕਿਥੋਂ ਹੋਵੇਗੀ, ਇਸਦਾ ਕਲਾਈਮੈਕਸ ਕੀ ਹੋਵੇਗਾ। ਫਿਲਮ 'ਸ਼ਹੀਦ-ਏ-ਮੁਹੱਬਤ' ਬਣੀ ਨੂੰ ਕਾਫੀ ਦੇਰ ਹੋ ਗਈ ਸੀ। ਮਨਜੀਤ ਮਾਨ ਜੀ (ਗੁਰਦਾਸ ਮਾਨ ਜੀ ਦੀ ਧਰਮ ਪਤਨੀ) ਅਗਲੀ ਫਿਲਮ ਬਣਾਉਣ ਲਈ ਵਧੀਆ ਕਹਾਣੀ ਦੀ ਤਲਾਸ਼ ਵਿਚ ਸਨ। ਮੈਂ ਉਹਨਾਂ ਨੂੰ ਆਪਣੇ ਦੋਸਤ ਦੀ ਕਹਾਣੀ ਲਿਖ ਕੇ ਭੇਜੀ ਤਾਂ ਉਹ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਇਸ ਉਪਰ ਫਿਲਮ ਬਣਾਉਣ ਦਾ ਫੈਸਲਾ ਕਰ ਲਿਆ। ਮਨਜੀਤ ਮਾਨ ਜੀ ਨੇ ਮੈਨੂੰ ਕਿਹਾ ਕਿ ਇਹ ਕਹਾਣੀ ਤੁਹਾਡੀ ਹੈ, ਇਸਦਾ ਕਰੈਡਿਟ ਤਾਂ ਤੁਹਾਨੂੰ ਮਿਲੇਗਾ ਹੀ, ਜੇ ਤੁਸੀਂ ਕੋਈ ਪੈਸੇ ਵਲੋਂ ਹਿੱਸਾ ਪਾਉਣਾ ਚਾਹੋ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਪਰ ਇਕ ਗੱਲ ਦਾ ਧਿਆਨ ਰੱਖਣਾ ਇਸ ਲਾਈਨ ਵਿਚ ਘਾਟਾ ਬੜੀ ਛੇਤੀ ਪੈਂਦਾ ਹੈ। ਕਿਉਂਕਿ ਇਹ ਫਿਲਮ ਬਣਨਾ ਮੇਰਾ ਸੁਪਨਾ ਸਾਕਾਰ ਹੋਣ ਬਰਾਬਰ ਸੀ, ਮੈਂ ਝੱਟ ਹਾਂ ਕਰ ਦਿੱਤੀ।
        
        
? ਫਿਲਮ 'ਵਾਰਿਸ ਸ਼ਾਹ' ਬਣਾਉਣ ਦਾ ਖਿਆਲ ਤੁਹਾਨੂੰ ਕਿਵੇਂ ਆਇਆ?
        

- ਅਸਲ ਵਿਚ ਇਹ ਵਿਚਾਰ ਗੁਰਦਾਸ ਮਾਨ ਜੀ ਦਾ ਸੀ। ਵਾਰਿਸ ਸ਼ਾਹ ਪੰਜਾਬੀ ਦਾ ਬਹੁਤ ਵੱਡਾ ਸ਼ਾਇਰ ਹੈ। ਉਸਦੇ ਕਿੱਸੇ 'ਤੇ ਕੋਈ ਢਾਈ ਸੌ ਦੇ ਕਰੀਬ ਪੀ ਐਚ ਡੀ ਦੇ ਥੀਸਿਸ ਲਿਖੇ ਗਏ ਹਨ। ਇਹ ਕਾਰਜ ਬਹੁਤ ਔਖਾ ਸੀ। ਅਠਾਰਵੀਂ ਸਦੀ ਨੂੰ ਇੱਕੀਵੀਂ ਸਦੀ ਵਿਚ ਪੇਸ਼ ਕਰਨ ਲਈ ਬਹੁਤ ਬਰੀਕੀ ਨਾਲ ਉਸ ਵੇਲੇ ਦੇ ਸਮਾਜ ਨੂੰ, ਰਹਿਣੀ ਬਹਿਣੀ ਨੂੰ ਵਿਚਾਰਨਾ ਪੈਣਾ ਸੀ। ਅਸੀਂ ਪੜ੍ਹੇ ਲਿਖੇ ਵਿਦਵਾਨਾਂ ਦੀ ਇਕ ਕਮੇਟੀ ਬਣਾ ਕੇ ਵਾਰਿਸ ਸ਼ਾਹ ਬਾਰੇ ਲੋੜੀਂਦੀ ਖੋਜ ਕਰਵਾ ਕੇ ਕਹਾਣੀ ਤਿਆਰ ਕਰਵਾਈ ਹੈ। ਚੰਡੀਗੜ੍ਹ ਵਿਚ ਇਕ ਅਠਾਰਵੀਂ ਸਦੀ ਦਾ ਦ੍ਰਿਸ਼ ਪੇਸ਼ ਕਰਦਾ ਪਿੰਡ ਦਾ ਪਿੰਡ ਵਸਾਇਆ ਗਿਆ ਹੈ। ਕੋਈ ਵੀ ਚੀਜ਼ ਸੌ ਪ੍ਰਤੀਸ਼ਤ ਠੀਕ ਨਹੀਂ ਹੁੰਦੀ, ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵਾਰਿਸ ਸ਼ਾਹ ਨਾਲ ਇਨਸਾਫ ਕਰ ਸਕੀਏ ਅਤੇ ਉਹ ਹਾਲਾਤ ਪੇਸ਼ ਕਰਨ ਵਿਚ ਸਫਲ ਹੋਈਏ ਜਿਹਨਾਂ ਵਿਚੋਂ 'ਹੀਰ ਰਾਂਝਾ' ਵਰਗੇ ਸ਼ਾਹਕਾਰ ਦਾ ਜਨਮ ਹੋਇਆ ਸੀ। ਇਸ ਫਿਲਮ ਵਿਚ ਗੁਰਦਾਸ ਮਾਨ ਵਾਰਿਸ ਸ਼ਾਹ ਦਾ ਅਤੇ ਜੂਹੀ ਚਾਵਲਾ ਭਾਗਭਰੀ ਦਾ ਰੋਲ ਅਦਾ ਕਰੇਗੀ।
        

        
? ਕੀ ਤੁਹਾਨੂੰ ਪੰਜਾਬੀ ਸਾਹਿਤ ਰਚਣ ਵਿਚ ਦਿਲਚਸਪੀ ਹੈ?
        

- ਜੀ ਨਹੀਂ, ਪਰ ਮੈਨੂੰ ਪੰਜਾਬੀ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈ। ਅਸਲ ਵਿਚ ਮੈਂ ਸੈਂਟਰਲ ਸਕੂਲ ਵਿਚ ਪੜ੍ਹਿਆ ਹਾਂ। ਪੰਜਾਬੀ ਮੈਨੂੰ ਪੜ੍ਹਨੀ ਨਹੀਂ ਸੀ ਆਉਂਦੀ। ਜਦੋਂ ਮੇਰੀ ਮੰਗਣੀ ਹੋਈ ਤਾਂ ਮੇਰੀ ਪਤਨੀ ਮੈਨੂੰ ਪੰਜਾਬੀ ਵਿਚ ਖਤ ਲਿਖਦੀ ਸੀ। ਮੈਂ ਪੰਜਾਬੀ ਦਾ ਕਾਇਦਾ ਮੰਗਵਾਇਆ ਅਤੇ ਪੰਜਾਬੀ ਪੜ੍ਹਨੀ ਲਿਖਣੀ ਸਿੱਖੀ।
        

        
? ਤੁਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ। ਮਾਨ, ਸਨਮਾਨ, ਦੌਲਤ ਅਤੇ ਸ਼ੁਹਰਤ। ਜਦੋਂ ਲੋਕ ਇਸ ਪੱਧਰ 'ਤੇ ਪਹੁੰਚ ਜਾਂਦੇ ਹਨ ਤਾਂ ਉਹ ਸੰਸਥਾਵਾਂ ਦੀਆਂ ਪ੍ਰਧਾਨਗੀਆਂ ਲੈਣ ਲਈ ਚੈੱਕ ਬੁਕਾਂ ਚੁੱਕੀ ਫਿਰਦੇ ਹਨ। ਪਰ ਤੁਸੀਂ ਚੁੱਪ ਚਾਪ, ਏਨੀ ਨਿਮਰਤਾ ਨਾਲ ਆਪਣੇ ਕੰਮ ਵਿਚ ਮਸਤ ਹੋ। ਇਹ 'ਛਿਪੇ ਰਹਿਣ ਦੀ ਚਾਹ' ਤੁਹਾਡੇ ਵਿਚ ਕਿਵੇਂ ਆਈ?
        

- ਇਨਸਾਨ ਦੋ ਤਰ੍ਹਾਂ ਦੀ ਜ਼ਿੰਦਗੀ ਜਿਊਂਦਾ ਹੈ। ਇਕ ਜਿਹੋ ਜਿਹੀ ਉਸਦੀ ਜ਼ਿੰਦਗੀ ਹੈ, ਦੂਜੀ ਜਿਹੋ ਜਿਹੀ ਉਹ ਦਰਸਾਉਣਾ ਚਾਹੁੰਦਾ ਹੈ। ਜ਼ਿੰਦਗੀ ਤਾਂ ਇਕ ਹੀ ਜਿਊਣੀ ਔਖੀ ਹੈ। ਮੈਨੂੰ ਦਿਖਾਵੇ ਵਾਲੀ ਜ਼ਿੰਦਗੀ ਪਸੰਦ ਨਹੀਂ। ਮੈਂ ਉਸ ਵਿਚ ਵਿਸ਼ਵਾਸ ਨਹੀਂ ਰੱਖਦਾ।
        

        
? ਤੁਸੀਂ ਕੋਈ ਅਜਿਹੀ ਸੰਸਥਾ ਕਾਇਮ ਕਰਨੀ ਚਾਹੁੰਦੇ ਹੋ, ਜੋ ਪੰਜਾਬੀ ਸਭਿਆਚਾਰ ਨੂੰ ਅਮਰੀਕਾ ਵਿਚ ਪ੍ਰਫੁਲਤ ਕਰੇ?
        

- ਸੰਸਥਾ ਕਹਿਣਾ ਬਹੁਤ ਸੌਖਾ ਹੈ, ਪਰ ਇਹ ਕੰਮ ਹੈ ਬਹੁਤ ਔਖਾ। ਉਂਝ ਵੀ ਜਦੋਂ ਤੁਸੀਂ ਸੰਸਥਾ ਬਣਾ ਕੇ ਤੁਰਦੇ ਹੋ ਤਾਂ ਤੁਹਾਨੂੰ ਆਪਣੀ ਮਰਜ਼ੀ ਦੇ ਖਿਲਾਫ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ। ਮੈਂ ਸਮਝੌਤਾ ਨਹੀਂ ਕਰ ਸਕਦਾ। ਇਸ ਲਈ ਮੈਂ ਜਿੰਨਾਂ ਕੁ ਕੰਮ ਕਰ ਰਿਹਾ ਹਾਂ, ਉਸੇ ਨਾਲ ਸੰਤੁਸ਼ਟ ਹਾਂ। ਮੈਂ ਆਪਣੇ ਪੱਧਰ 'ਤੇ ਅਮਰੀਕਾ ਵਿਚ ਰਹਿੰਦੇ ਪੰਜਾਬੀ ਟੇਲੈਂਟ ਨੂੰ ਪਰਮੋਟ ਕਰਨ ਦੀ ਯੋਜਨਾ ਜ਼ਰੂਰ ਬਣਾ ਰਿਹਾ ਹਾਂ।
        

        
? ਤੁਸੀਂ ਬਿਜ਼ਨੈੱਸਮੈਨ ਹੋ, ਕਲਾ ਨਾਲ ਪਿਆਰ ਕਰਨ ਵਾਲੇ ਹੋ, ਪਰਮੋਟਰ ਹੋ। ਜੇ ਤੁਸੀਂ ਇਹ ਸਭ ਕੁਝ ਨਾ ਵੀ ਹੁੰਦੇ ਤਾਂ ਫਿਰ ਕੀ ਹੁੰਦੇ?
        

- ਮੈਂ ਇਕ ਬਹੁਤ ਅੱਛਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ।
        

        
? ਤੁਸੀਂ 'ਦੇਸ ਹੋਇਆ ਪਰਦੇਸ' ਫਿਲਮ ਵਿਚ ਐਕਟਿੰਗ ਵੀ ਕੀਤੀ ਹੈ। ਤੁਸੀਂ ਕਦੇ ਪਹਿਲਾਂ ਵੀ ਡਰਾਮੇ ਵਗੈਰਾ ਵਿਚ ਹਿੱਸਾ ਲਿਆ ਸੀ?
        

- ਮੈਨੂੰ ਛੋਟੇ ਹੁੰਦੇ ਨੂੰ ਗਾਉਣ ਦਾ ਬਹੁਤ ਸ਼ੌਕ ਸੀ। ਮੌਨੋਲਾਗ ਵਿਚ ਦਿਲਚਸਪੀ ਸੀ। ਤਿੰਨ ਸਾਲ ਦੀ ਉਮਰ ਵਿਚ ਮੈਂ ਸਟੇਜ 'ਤੇ ਗੀਤ ਗਾਇਆ ਸੀ। ਇਹ ਗੀਤ ਜ਼ਬਾਨੀ ਗਾਉਣ ਦੀ ਸ਼ਰਤ ਰੱਖੀ ਸੀ। ਪਰ ਮੈਂ ਨਰਵਸ ਹੋ ਕੇ ਭੁੱਲ ਗਿਆ ਅਤੇ ਜੇਬ ਵਿਚੋਂ ਕਾਗਜ਼ ਕੱਢ ਕੇ ਗੀਤ ਪੂਰਾ ਕੀਤਾ ਸੀ।
        

        
? ਪੰਜਾਬੀ ਫਿਲਮਾਂ ਦਾ ਭਵਿੱਖ ਕੀ ਹੈ?
        

- ਇਕ ਸਮਾਂ ਸੀ ਲੋਕ ਪੰਜਾਬੀ ਫਿਲਮਾਂ ਤੋਂ ਮੂੰਹ ਮੋੜ ਗਏ ਸਨ। ਪਰ ਅੱਜ ਹਾਲਾਤ ਹੋਰ ਹਨ। ਸ਼ਹੀਦ-ਏ-ਮੁਹੱਬਤ ਫਿਲਮ ਨਾਲ ਨਵਾਂ ਟਰੈਂਡ ਸ਼ੁਰੂ ਹੋਇਆ ਹੈ। ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਦੇਸ ਹੋਇਆ ਪਰਦੇਸ, ਯਾਰਾਂ ਨਾਲ ਬਹਾਰਾਂ ਵਧੀਆ ਫਿਲਮਾਂ ਹਨ। ਇਹਨਾਂ ਫਿਲਮਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਵਿਚ ਵੀ ਵਧੀਆ ਫਿਲਮਾਂ ਬਣ ਸਕਦੀਆਂ ਹਨ। ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬੀ ਫਿਲਮਾਂ ਨੂੰ ਭਰਪੂਰ ਸਹਿਯੋਗ ਦੇਣ।
        
        

? ਤੁਸੀਂ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਿਚ ਪੜ੍ਹੇ ਹੋ। ਉਥੋਂ ਦੀ ਕੋਈ ਅਭੁੱਲ ਯਾਦ?
        

- (ਹੱਸ ਕੇ) ਮੈਂ ਚੰਡੀਗੜ੍ਹ ਇਸ ਕਰਕੇ ਗਿਆ ਸੀ ਕਿ ਮੈਂ ਸੁਣਿਆ ਸੀ ਕਿ ਉਥੇ ਕੁੜੀਆਂ ਬਹੁਤ ਸੋਹਣੀਆਂ ਹਨ। ਸਾਡੇ ਨਾਲ ਇਕ ਕੁੜੀ ਪੜ੍ਹਦੀ ਸੀ। ਬਹੁਤ ਸੋਹਣਾ ਗਾਉਂਦੀ ਸੀ। ਇਕ ਵਾਰ ਉਸਨੇ ਕਾਲਜ ਦੇ ਫੰਕਸ਼ਨ 'ਤੇ ਗਾਉਣਾ ਸੀ। ਮੈਂ ਤੇ ਮੇਰੇ ਦੋਸਤਾਂ ਨੇ ਉਸ ਨਾਲ ਸਾਜ਼ ਵਜਾਉਣੇ ਸਨ। ਰਾਤ ਨੂੰ ਲੜਕੀ ਦਾ ਗਲਾ ਖਰਾਬ ਹੋ ਗਿਆ। ਉਹ ਜਦੋਂ ਗਾਉਣ ਲੱਗੀ ਸੁਰ ਚੁੱਕਦੀ, ਉਸਦੀ ਆਵਾਜ਼ ਪਾਟ ਜਾਂਦੀ। ਕੁਝ ਮਿੰਟਾਂ ਵਿਚ ਉਹ ਸਟੇਜ ਤੋਂ ਉੱਠ ਕੇ ਚਲੇ ਗਈ। ਸਾਨੂੰ ਕੁਝ ਨਾ ਸੁੱਝੇ। ਹੂਟਿੰਗ ਸ਼ੁਰੂ ਹੋ ਗਈ। ਉਦੋਂ ਅਸੀਂ ਬਹੁਤ ਅਪਮਾਨ ਮਹਿਸੂਸ ਕੀਤਾ ਸੀ।
        

        


? ਤੁਹਾਡਾ ਜੀਵਨ ਵਿਚ ਕੀ ਗੋਲ ਹੈ?
        

- ਮੈਂ ਹਮੇਸ਼ਾ ਚੰਗਾ ਕੰਮ ਕਰਨ ਵਿਚ ਵਿਸ਼ਵਾਸ ਰੱਖਦਾ ਹਾਂ। ਗੋਲ ਮਿਥ ਕੇ ਕੁਝ ਨਹੀਂ ਕਰਦਾ। ਪਿਤਾ ਜੀ ਮਿਲਟਰੀ ਵਿਚ ਸਨ। ਮੈਨੂੰ ਨਿੱਕੇ ਹੁੰਦੇ ਨੂੰ ਪੁੱਛਦੇ ਕਿ ਵੱਡਾ ਹੋ ਕੇ ਕੀ ਬਣੇਗਾ ਤਾਂ ਮੈਂ ਕਹਿ ਦਿੰਦਾ ਸੀ, ਮੈਂ ਮਿਲਟਰੀ ਵਿਚ ਅਫਸਰ ਬਣਾਗਾ। ਪਰ ਇਹ ਮੈਂ ਪਿਤਾ ਜੀ ਦੀ ਨਰਾਜ਼ਗੀ ਤੋਂ ਡਰਦਾ ਹੀ ਕਹਿੰਦਾ ਸਾਂ। ਚੰਗਾ ਕੰਮ ਕਰੀ ਜਾਓ, ਕਈ ਵਾਰ ਤੁਸੀਂ ਏਨੇ ਸਫਲ ਹੋ ਜਾਂਦੇ ਹੋ, ਜਿੰਨਾ ਤੁਸੀਂ ਸੋਚਿਆ ਵੀ ਨਹੀਂ ਹੁੰਦਾ।
        

        
? ਤੁਹਾਡੀ ਸ਼ਖਸੀਅਤ ਦੇ ਕਈ ਪਹਿਲੂ ਹਨ। ਤੁਹਾਨੂੰ ਆਪਣਾ ਕਿਹੜਾ ਪੱਖ ਵਧੀਆ ਲੱਗਦਾ ਹੈ?
        

- ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕਰ ਵਾਲਾ।

                
? ਜੇ ਤੁਸੀਂ ਗੁਰਦਾਸ ਮਾਨ ਜੀ ਬਾਰੇ ਸੰਖੇਪ ਵਿਚ ਕੁਝ ਕਹਿਣਾ ਹੋਵੇ ਤਾਂ ਕੀ ਕਹੋਗੇ।
        

- ਮਾਨ ਜੀ ਸਾਈਂ ਇਨਸਾਨ ਹਨ। ਆਮ ਜੀਵਨ ਵਿਚ ਉਹਨਾਂ ਦੇ ਤਿੰਨ ਹੀ ਮਹੱਤਵਪੂਰਨ ਕਾਰਜ ਹੁੰਦੇ ਹਨ-ਭਗਤੀ, ਵਰਜ਼ਿਸ਼ ਅਤੇ ਰਿਆਜ਼ (ਲਿਖਣਾ, ਪੜ੍ਹਨਾ ਤੇ ਗਾਉਣਾ)
        

        
? ਤੁਸੀਂ ਕੁਝ ਹੋਰ ਕਹਿਣਾ ਚਾਹੋ?
        

- ਪੰਜਾਬੀਆਂ ਨੂੰ ਵੱਧ ਤੋਂ ਵੱਧ ਪੰਜਾਬੀ ਪ੍ਰੋਗਰਾਮ ਦੇਖਣੇ ਚਾਹੀਦੇ ਹਨ। ਪੰਜਾਬੀ ਫਿਲਮਾਂ ਵੱਲ ਰੁਚਿਤ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਚਾਹੀਦਾ ਹੈ।
        

      
(ਫਰਵਰੀ 2006 ਵਿੱਚ www.likhari.com  ਉੱਤੇ ਛਪੀ, ਅਤੇઠਅੰਮ੍ਰਿਤਸਰ ਟਾਈਮਜ਼ ਅਖਬਾਰ ਵਿੱਚ ਛਪੀ)
           

          

        

                          ਕਸ਼ਮੀਰ ਗਿੱਲ ਫਿਲਮ 'ਦੇਸ ਹੋਇਆ ਪ੍ਰਦੇਸ'