ਮੇਰੀਆਂ ਨਜ਼ਮਾਂ

           

                       
     

                   

    ਕਾਮਰੇਡ ਗਰੀਬ ਸਿੰਘ
    

ਅਮਰੀਕਾ ਵਿੱਚ ਰਹਿੰਦਾ
ਗਰੀਬ ਸਿੰਘ
ਹਾਲੇ ਵੀ ਆਪ ਨੂੰ
ਕਾਮਰੇਡ ਸਮਝਦਾ
ਕਾਮਰੇਡ ਆਖਦਾ ਅਤੇ
ਕਾਮਰੇਡઠ ਗੈਬੀ ਅਖਵਾਉਂਦਾ ਹੈ
         
ਅਮਰੀਕਾ ਵਿੱਚ
ਕਈ ਬਿਜ਼ਨੈਸਾਂ
ਦਾ ਮਾਲਕ ਹੈ
      
ਕੱਚੇ ਲੋਕਾਂ ਨੂੰ
ਘੱਟ ਪੈਸੇ ਦੇ ਕੇ
ਬਹੁਤਾ ਕੰਮ ਲੈ ਕੇ
ਅਹਿਸਾਨ ਕਰਦਾ ਹੈ
    
ਅਮਰੀਕਾ ਅਤੇ
ਹਿੰਦੋਸਤਾਨ ਵਿੱਚ
ਕਈ ਕੋਠੀਆਂ ਦਾ ਮਾਲਕ
ਪੂੰਜੀਪਤੀ ਧਨਾਡ
ਗਰੀਬ ਸਿੰਘ
ਹਾਲੇ ਵੀ ਦਿਨੇ ਹੀ
ਵੋਦਕਾ ਦਾ ਨਹੀਂ ਪਰ
ਵਿਸਕੀ ਦਾ ਗਲਾਸ ਪੀ ਕੇ
ਗੁਆਚ ਚੁੱਕੇ ਰੂਸ
ਅਮੀਰ ਕਾਸਟਰੋ
ਅਤੇ ਤੇਜ਼ੀ ਨਾਲ
ਪੂੰਜੀਪਤੀ ਬਣ ਰਹੇ ਚੀਨ
ਦੇ ਗੁਣ ਗਾਉਂਦਾ ਹੈ
         
ਆਪਣੀ ਬਹੁਤ ਮਹਿੰਗੀ
ਲਾਲ ਕਾਰ ਵਿੱਚ ਬੈਠਾ
ਅਮਰੀਕਾ ਵਿੱਚ ਰਹਿਕੇ ਵੀ
ਗਰੀਬ ਸਿੰਘ
ਆਪ ਨੂੰ
ਕਾਮਰੇਡ ਸਮਝਦਾ
ਕਾਮਰੇਡ ਆਖਦਾ ਅਤੇ
ਕਾਮਰੇਡઠ ਗੈਬੀ ਅਖਵਾਉਂਦਾ ਹੈ।ઠઠઠ
          

                 (ਪ੍ਰਤਿਮਾਨ, ਅਕਤੂਬਰ-ਦਸੰਬਰ 2006 ਵਿੱਚ ਛਪੀ)

                               

   
                       
     

          

   ਲੋਹੜੀ
           
ਮਾਂ ਚਾਹੁੰਦੀ ਹੀ ਨਹੀਂ
ਜ਼ਿਦ ਕਰ ਰਹੀ ਹੈ
ਮੈਂ ਆਪਣੇ ਨਵ-ਜੰਮੇ ਬੱਚੇ ਦੀ
ਲੋਹੜੀ ਪਾਵਾਂ
-ਇਹ ਦਿਨ ਕਿਹੜੇ ਰੋਜ਼ ਆਉਂਦੇ ਹਨ
ਮਾਂ ਆਖਦੀ ਹੈ
          
ਮੈਂ ਸੋਚਦਾ ਹਾਂ
ਦਿੱਲੀ
ਪੰਜਾਬ
ਗੁਜ਼ਰਾਤ
ਕਸ਼ਮੀਰ
   
ਨਿਊ ਯਾਰਕ
ਲੰਡਨ
ਡਾਰਫੁਰ
         
ਇਰਾਕ
ਅਫ਼ਗਾਨਿਸਤਾਨ
ਪਾਕਿਸਤਾਨ
ਸਿਰੀ ਲੰਕਾ
ਇੰਡੋਨੇਸ਼ੀਆ
ਸਪੇਨ
         
ਫਿਰਕੁ ਦੰਗੇ
ਅੱਤਵਾਦ
ਜੰਗ
ਭੁਚਾਲ
ਸੁਨਾਮੀ
ਭੁੱਖ
ਬੀਮਾਰੀਆਂ
           
ਭੁੱਖੇ
ਬੀਮਾਰ
ਅਨਾਥ ਬੱਚੇ
ਤੜਫਦੇ
ਕੁਰਲਾਉਂਦੇ
ਵਿਲਕਦੇ
ਮਰ ਰਹੇ
              
ਸੋਚਦਾ ਹਾਂ
ਮੈਂ ਇੱਕ ਬੱਚੇ ਦੀ
ਲੋਹੜੀ ਪਾਵਾਂ
ਕਿ ਲੱਖਾਂ ਦਾ
ਸੋਗ ਮਨਾਵਾਂ!
           
     (ਪ੍ਰਤਿਮਾਨ, ਅਕਤੂਬਰ-ਦਸੰਬਰ 2006 ਵਿੱਚ ਛਪੀ)

                              

   
                       
     

        

      ਰਿਸ਼ਤੇ
         
ਕੁਝ ਰਿਸ਼ਤੇ ਆਪ ਹੀ ਉੱਗਦੇ ਹਨ
ਕੁਝ ਰਿਸ਼ਤੇ ਉਗਾਏ ਜਾਂਦੇ ਹਨ
           
ਰਿਸ਼ਤੇ ਆਪ ਨਹੀਂ ਪਲਦੇ
ਰਿਸ਼ਤੇ ਪਾਲੇ ਜਾਂਦੇ ਹਨ
          
ਰਿਸ਼ਤੇ ਆਪ ਨਹੀਂ ਸਮਝਦੇ
ਇਨ੍ਹਾਂ ਨੂੰ ਸਮਝਣਾ ਪੈਂਦਾ ਹੈ
            
ਰਿਸ਼ਤਿਆਂ ਨੂੰ ਜਿਉਂਦੇ
ਰੱਖਣ ਲਈ
ਲੈਣ ਨਾਲੋਂ
ਦੇਣਾਂ ਜ਼ਿਆਦਾ ਪੈਂਦਾ ਹੈ
          
ਰਿਸ਼ਤੇ ਅੱਗ ਹਨ -
ਇਹ ਸਾੜ ਵੀ ਸਕਦੇ ਹਨ
ਇਹ ਨਿੱਘ ਵੀ ਦਿੰਦੇ ਹਨ
         
ਰਿਸ਼ਤੇ ਬਰਫ਼ ਵਾਂਗ ਹਨ ૶
ਖੂਬਸੂਰਤ ਵੀ ਲਗਦੇ ਹਨ
ਇਹ ਜਿਸਮ ਨੂੰ
ਜਮਾ ਵੀ ਸਕਦੇ ਹਨ
              
ਰਿਸ਼ਤੇ ਦੋ-ਪਾਸੜ
ਸੜਕ ਵਾਂਗ ਹਨ
ਇਨ੍ਹਾਂ ਨੂੰ ਇਕ-ਪਾਸੜ
ਸਮਝ ਕੇ
ਜ਼ਲੀਲ ਹੋਣ ਵਾਲੀ
ਗੱਲ ਹੈ
           
ਰਿਸ਼ਤੇ ਰੂਹ ਦੀ
ਖ਼ੁਰਾਕ ਵੀ ਬਣ ਸਕਦੇ ਹਨ
ਅਤੇ ਜ਼ਹਿਰ ਵੀ
           
ਰਿਸ਼ਤੇ ਖ਼ੁਦਗਰਜ਼ ਵੀ
ਹੋ ਸਕਦੇ ਹਨ
ਅਤੇ ਨਾਖ਼ੁਦਗਰਜ਼ ਵੀ
          
ਰਿਸ਼ਤੇ ਵਫ਼ਾ ਵੀ
ਹੋ ਸਕਦੇ ਹਨ
ਅਤੇ ਬੇਵਫ਼ਾ ਵੀ
             
ਰਿਸ਼ਤੇ ਨਿਭਾਉਣੇ ਹੀ ਔਖੇ ਨਹੀਂ
ਰਿਸ਼ਤਿਆਂ ਦੀ ਗੱਲ ਕਰਨੀ ਵੀ
ਔਖੀ ਹੋ ਗਈ ਹੈ
           

       (ਪ੍ਰਤਿਮਾਨ, ਅਕਤੂਬਰ-ਦਸੰਬਰ 2006 ਵਿੱਚ ਛਪੀ)

                              

   
                       

 

 

   

             

          ਕੱਲ੍ਹ
         

ਬੀਤ ਗਿਆ ਜੋ ਕੱਲ੍ਹ ਵੇ ਸੱਜਣ ਮੇਰਿਆ।
ਦਿਲ ਤੇ ਲਾ ਗਿਆ ਸੱਲ ਵੇ ਸੱਜਣ ਮੇਰਿਆ।
         
ਜਿਉਂ ਕੰਡਾ ਕੋਈ ਪੈਰ 'ਚ ਕਿਧਰੇ ਪੁੜ ਜਾਵੇ
ਇੱਕ ਦਰਦੀਲੀ ਚੀਸ ਵੇ ਦਿਲ ਨਾਲ ਜੁੜ ਜਾਵੇ
ਇਵੇਂ ਹੀ ਕੱਲ੍ਹ ਦੀ ਗੱਲ ਵੇ ਸੱਜਣ ਮੇਰਿਆ।
    
ਜਿਉਂ ਕੋਈ ਆਕੇ ਮਹਿਕ ਦਹਿਲੀਜ਼ੋਂ ਮੁੜ ਜਾਵੇ
ਜਾਂ ਕੋਈ ਖੁਸ਼ੀ ਵਿਚਾਲੇ ਆ ਕੇ ਥੁੜ੍ਹ ਜਾਵੇ
ਇਉਂ ਹੀ ਬੀਤੇ ਪਲ ਵੇ ਸੱਜਣ ਮੇਰਿਆ।
           
ਜੇ ਕੋਈ ਪਹਿਲਾਂ ਆਪ ਤਰਾਨੇ ਛੇੜ ਕੇ
ਤੁਰ ਜਾਵੇ ਪ੍ਰਦੇਸ ਵੇ ਬੂਹੇ ਭੇੜ ਕੇ
ਕਿੰਜ ਉੱਤਰੇ ਉਹ ਝੱਲ ਵੇ ਸੱਜਣ ਮੇਰਿਆ।
           
ਬੀਤ ਗਿਆ ਜੋ ਕੱਲ੍ਹ ਵੇ ਸੱਜਣ ਮੇਰਿਆ।
ਦਿਲ ਤੇ ਲਾ ਗਿਆ ਸੱਲ ਵੇ ਸੱਜਣ ਮੇਰਿਆ।
             
(1974 ਵਿੱਚ ਲਿਖੀ)
(ਨਵੰਬਰ 21, 1974 ਨੂੰ ਅਕਾਸ਼ਬਾਣੀ ਜਲੰਧਰ ਤੋਂ ਪੜ੍ਹੀ)

             

 

 

                       
     

       

     ਵੱਖਰਾਪਣ
          
ਮੇਰੇ ਦੋਸਤ ਕਹਿੰਦੇ ਨੇ
ਮੈਂ ਦੂਜੇ ਲੋਕਾਂ ਤੋਂ
ਬਹੁਤ ਵੱਖਰਾ ਹਾਂ
          
ਮੈਨੂੰ ਕੱਚੇ ਅਨਾਰ
ਚੰਗੇ ਲਗਦੇ ਹਨ
        
ਮੈਨੂੰ ਧੁੱਪਾਂ ਤੋਂ ਡਰ ਲਗਦਾ ਹੈ
          
ਮੈਨੂੰ ਮੋਲ੍ਹੇਧਾਰ ਮੀਂਹ
ਤੇਜ਼ ਵਗਦੀਆਂ ਹਵਾਵਾਂ
ਅਤੇ ਝੱਖੜਾਂ ਨਾਲ
ਬਹੁਤ ਮੋਹ ਹੈ
          
ਮੈਨੂੰ ਪੂਰਨਮਾਸ਼ੀ ਦੀ ਰਾਤ ਨਾਲੋਂ
ਮੱਸਿਆ ਦੀ ਰਾਤ
ਦੇ ਗਲ ਲੱਗ ਕੇ
ਬਹੁਤ ਨਿੱਘ
ਮਿਲਦਾ ਹੈ
           
ਮੈਨੂੰ ਪੱਕੇ ਰਾਹਾਂ ਨਾਲੋਂ
ਕੱਚੇ ਰਾਹਾਂ ਦੀਆਂ
ਉੱਬਲਦੀਆਂ ਧੂੜਾਂ 'ਤੇ
ਨੰਗੇ ਪੈਰੀਂ ਤੁਰਨਾ
ਅਤੇ ਪੈਰਾਂ 'ਚ ਪਏ
ਛਾਲਿਆਂ ਦੀ ਪੀੜ ਨੂੰ ਮਾਨਣਾ
ਦਿਲਚਸਪ ਲਗਦਾ ਹੈ
         
ਮੈਨੂੰ ਖ਼ੂਬਸੂਰਤ ਲੋਕਾਂ ਨਾਲੋਂ
ਕੋਹਜੇ ਲੋਕਾਂ ਨੂੰ
ਗਲਵਕੜੀ ਵਿੱਚ ਘੁੱਟ ਕੇ
ਜ਼ਿਆਦਾ ਅਨੰਦ ਮਿਲਦਾ ਹੈ
          
ਕੁਝ ਵਿਗੜਣ 'ਤੇ
ਮੈਂ ਕਿਸਮਤ ਨਾਲੋਂ
ਆਪਣੇ ਆਪ ਨੂੰ ਇਲਜ਼ਾਮ ਦੇਣਾ
ਜ਼ਿਆਦਾ ਪਸੰਦ ਕਰਦਾ ਹਾਂ
          
ਦੋਸਤ ਕਹਿੰਦੇ ਹਨ
ਮੈਂ ਅਜੀਬ ਇਨਸਾਨ ਹਾਂ
ਪਤਾ ਨਹੀਂ ਕਿਉਂ
ਮੈਂ ਬਹੁਤੇ ਲੋਕਾਂ ਤੋਂ
ਇੰਨਾ ਵੱਖਰਾ ਹਾਂ
    

        (ਪ੍ਰਤੀਮਾਨ, ਜਨਵਰੀ-ਮਾਰਚ 2005 ਵਿੱਚ ਛਪੀ)

             

   
                       
     

             

      ਸਰਨਾਵਾਂ
           
ਜਦੋਂ ਮੈਂ
ਆਪਣਾ ਘਰ
ਅਤੇ ਦੇਸ਼ ਛੱਡ ਕੇ
ਇੱਕ ਅਣਜਾਣੇ ਅਤੇ
ਬੇਗਾਨੇ ਮੁਲਕ ਵਿੱਚ
ਕਿਸਮਤ ਅਜ਼ਮਾਉਣ ਲਈ
ਚਲਿਆ ਸਾਂ
ਤਾਂ ਮੇਰੇ ਇਕ ਦੋਸਤ ਨੇ
ਆਖਿਆ ਸੀ
''ਆਪਣੇ ਨਵੇਂ ਥਾਂ ਦਾ
ਪਤਾ ਤਾਂ ਦੱਸ ਜਾ
ਚਿੱਠੀ ਪੱਤਰ ਲਈ!''
ਮੈਂ ਉਸ ਵੱਲ
ਡੂੰਘੀਆਂ ਅਤੇ ਉਦਾਸ
ਨਜ਼ਰਾਂ ਨਾਲ ਤੱਕ ਕੇ
ਆਖਿਆ ਸੀ
''ਦੋਸਤ, ਬੇਘਰੇ ਲੋਕਾਂ ਦਾ
ਕੋਈ ਸਰਨਾਵਾਂ ਨਹੀਂ ਹੁੰਦਾ।''
ਅੱਜ ਆਪਣੇ ਪੁਰਾਣੇ ਮੁਲਕ
ਜਾਣ ਲੱਗਿਆਂ
ਸੋਚਦਾ ਹਾਂ,
ਬੇਘਰੇ ਲੋਕਾਂ ਦਾ
ਸੱਚਮੁੱਚ ਕੋਈ ਵੀ
ਸਰਨਾਵਾਂ ਨਹੀਂ ਹੁੰਦਾ।
  

          (ਪ੍ਰਤੀਮਾਨ, ਜਨਵਰੀ-ਮਾਰਚ 2005 ਵਿੱਚ ਛਪੀ)

             

   
                       
     

             

  ਆਪ ਤਰਾਸ਼ੇ ਰਸਤੇ
         
ਰੇਲ ਗੱਡੀ ਵਾਂਗ
ਮੈਨੂੰ ਬਣੀਆਂ-ਬਣਾਈਆਂ
ਸਥਿਰ ਲੀਹਾਂ 'ਤੇ ਚਲਣਾ
ਬਿਲਕੁੱਲ ਪਸੰਦ ਨਹੀਂ।
ਮੈਂ ਤਾਂ ਖ਼ੁਦ ਤਰਾਸ਼ੇ
ਰਸਤਿਆਂ 'ਤੇ ਚਲ ਕੇ
ਭੁੱਲ-ਭੁਲਾ ਕੇ
ਸੰਘਰਸ਼ ਕਰਕੇ
ਆਪਣੀ ਮੰਜ਼ਲ 'ਤੇ
ਪਹੁੰਚਣ ਵਿੱਚ
ਜ਼ਿਆਦਾ ਸੰਤੁਸ਼ਟੀ
ਮਹਿਸੂਸ ਕਰਦਾ ਹਾਂ।
          
           (ਕਹਾਣੀ ਪੰਜਾਬ, ਅਕਤੂਬਰ-ਦਸੰਬਰ 2004 ਵਿੱਚ ਛਪੀ)