ਕੁਝ ਪੁਰਾਣੇ ਸ਼ੇਅਰ

                

ਇਹ ਸ਼ੇਅਰ 1975 ਤੋਂ ਪਹਿਲਾਂ ਦੇ ਲਿਖੇ ਹੋਏ ਹਨ।

 

 

 

 

         
 

  

ਕੱਲਾ ਨਾ ਮੈਨੂੰ ਜਾਣਿਓ ਮੰਜ਼ਿਲ ਦੇ ਰਾਹ 'ਤੇ
ਹਾਲੇ ਸਹਾਰਾ ਮੈਨੂੰ ਹੈ ਦਰਦਾਂ ਦੇ ਸਾਥ ਦਾ।

  

 
 

  

ਲੋੜ ਮੇਰੀ ਪੈ ਗਈ ਜੇ ਕਰ ਕਿਤੇ ਵੀ ਦੋਸਤੋ
ਲੱਭ ਲੈਣਾ ਮੈਨੂੰ ਫਿਰ ਸੰਗਰਾਮ ਦੀ ਹਰ ਭੀੜ 'ਚੋਂ।

         

 
 

  

ਤੇਰੀ ਥਾਂ ਤੇਰਾ ਦਰਦ ਹੈ ਜਦ ਹਰ ਥਾਂ ਮੇਰੇ ਨਾਲ
ਫਿਰ ਤੇਰੇ ਦਰ ਤੇ ਕਿਸ ਲਈ ਆਵਾਂ ਮੈਂ ਦੋਸਤਾ।

  

 
 

  

ਸ਼ੁਕਰ ਹੈ ਕਿ ਦੋਸਤਾਂ ਨੇ ਵੰਡ ਲਏ
ਗ਼ਮ ਤਾਂ ਵਰਨਾ ਜ਼ਿੰਦਗੀ ਦੇ ਬਹੁਤ ਸਨ।

      

 
 

  

ਜਾਂਦੇ ਹੋਏ ਗ਼ਮ ਉਹ ਮੈਨੂੰ ਦੇ ਗਏ
ਜਾਵੇ ਨਾ ਉਕਤਾ ਇਹ ਕੱਲਾ ਜ਼ਿੰਦਗੀ ਤੋਂ।

  

 
 

  

ਜਦ ਤੋਂ ਵੱਖਰੇ ਰਾਹਾਂ 'ਤੇ ਤੂੰ ਹੋ ਤੁਰਿਆਂ
ਢਲ ਗਏ ਨੇ ਪ੍ਰਛਾਵੇਂ ਮੇਰੀ ਜ਼ਿੰਦਗੀ 'ਤੇ।

  

 
 

  

ਜਦ ਵੀ ਤੈਨੂੰ ਮਿਲਣ ਦੀ ਦਿਲ 'ਚ ਚਾਹ ਹੈ ਉਗਮਦੀ
ਰਾਤ ਦੇ ਗਲ ਲੱਗਕੇ ਮੈਂ ਸ਼ਬਨਮ ਦੇ ਵਾਂਗੂ ਰੋ ਲਵਾਂ।

  

 
 

  

ਤੇਰੇ ਬਿਨ ਮੈਂ ਹੋ ਗਿਆਂ ਕੁਝ ਇਸ ਤਰਾਂ ਦਾ ਦੋਸਤਾ
ਰਾਤ ਹੋ ਜਾਂਦੀ ਹੈ ਸੁੰਨੀ ਜਿਸ ਤਰ੍ਹਾਂ ਇਕ ਚੰਦ ਬਿਨ।

  

 
 

  

ਮਿੱਠੇ ਹੰਝੂ, ਮਿੱਠੀਆਂ ਪੀੜਾਂ, ਮਿੱਠੇ ਹਉਕੇ ਹਾਵੇ
ਆਪਣਿਆਂ ਨੇ ਤੋਹਫੇ ਦਿੱਤੇ, ਕਿੱਦਾਂ ਮਾੜੇ ਕਹੀਏ।

  

 
 

  

ਹੰਝੂ ਮੈਂ ਤੱਕ ਕੇ ਉਹਦੇ ਨੈਣੀਂ, ਸੋਚਦਾ ਰਿਹਾ
ਐਨੀ ਕੀ ਗੱਲ ਏ ਹੋ ਗਈ ਪੱਥਰ ਵੀ ਰੋ ਪਏ!

  

 
 

  

ਉਹਦੇ ਕੋਲੋਂ ਆਉਣ ਵਾਲੇ ਦੱਸ ਰਹੇ ਨੇ
ਹੁਣ ਉਹ ਆਪਣੀ ਕੀਤੀ 'ਤੇ ਪਛਤਾ ਰਿਹਾ ਏ।

  

 
 

  

ਦਿਲ ਘਟਦਾ ਹੈ ਮੇਰਾ ਤੱਕ ਕੇ ਇਹ ਮਾਯੂਸ ਹਵਾਵਾਂ
ਰੱਬਾ ਖੈਰ ਕਰੀਂ ਉਹ ਮੇਰਾ ਯਾਰ ਸਲਾਮਤ ਹੋਵੇ।