ਮੇਰੀਆਂ ਗ਼ਜ਼ਲਾਂ

       

         

                               
     

         

ਏਸ ਰਾਹ ਤੋਂ ਜੋ ਵੀ ਰਾਹੀ ਗੁਜ਼ਰਿਆ।
ਉਹ ਛਲੇਡਾ, ਭੂਤ, ਬਿਜਲੀ ਬਣ ਗਿਆ।

ਰਾਸਤੇ ਕੁਝ ਇਸ ਤਰ੍ਹਾਂ ਦੇ ਸਨ ਮਿਲੇ
ਰੇਤ, ਪਾਣੀ, ਅੱਗ ਬਣ ਮੈਂ ਗੁਜ਼ਰਿਆ।

ਸਾਗਰਾਂ ਨੂੰ ਤਰਨ ਦੀ ਹਿੰਮਤ ਤੋਂ ਬਾਦ
ਇਕ ਨਦੀ ਨੂੰ ਦੇਖ ਕੇ ਮੈਂ ਡਰ ਗਿਆ।

ਅੱਗ ਦੀ ਉਹ ਲਾਟ ਬਣ ਕੇ ਭੜਕਿਆ
ਜਿਸਦੇ ਜਿਸਦੇ ਨਾਲ ਮੇਰਾ ਵਾਹ ਪਿਆ।

ਸ਼ਹਿਰ ਦੀ ਹਰ ਇਕ ਨਿਗ੍ਹਾ ਹੈ ਓਸਤੇ
ਖਿੰਡਰ ਕੇ ਪਾਣੀ 'ਤੇ ਜਿਹੜਾ ਤਰ ਰਿਹਾ।

ਟੁੱਟ ਕੇ ਤਾਰਾ ਕਿਸੇ ਦੀ ਯਾਦ ਵਿੱਚ
ਗੀਤ ਬਣ ਕੇ ਇਕ ਖਿਲਾ ਵਿੱਚ ਮਰ ਗਿਆ।

 

                          (ਪ੍ਰਤਿਮਾਨ, ਜੁਲਾਈ-ਸਤੰਬਰ 2007 ਵਿੱਚ ਛਪੀ)

                      

   
                               
     

         

ਅਸਾਂ ਤਾਂ ਦਰ ਸੀ ਖੁੱਲੇ ਛੱਡੇ, ਕਿਸਨੇ ਲਾਏ ਤਾਲੇ?
ਅਸੀਂ ਤਾਂ ਲਾ ਕੇ ਬੈਠੇ ਆਸਾਂ ਆਵਣਗੇ ਘਰ ਵਾਲੇ।

ਜਿਨ੍ਹਾਂ ਨਾ ਆਪਣਾ ਮਨ ਬਣਾਇਆ ਕਿਸ ਕੰਢੇ ਤੇ ਜਾਣਾ
ਆਰ ਨਾ ਲੱਗੇ, ਪਾਰ ਨਾ ਲੱਗੇ, ਰਹਿ ਗਏ ਵਿੱਚ ਵਿਚਾਲੇ।

ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ, ਕੰਨ ਪੜਵਾਈ ਬੈਠੇ
ਰਸਤੇ ਦੇ ਵਿੱਚ ਡਿਗ ਕੇ ਮਰ ਗਏ ਨਿੱਕੀਆਂ ਹਿੰਮਤਾਂ ਵਾਲੇ।

ਚੁਣੇ ਜਾਣ ਤੋਂ ਪਹਿਲਾਂ ਲੱਗਣ ਜੀਕੂੰ ਹੁੰਦੇ ਸਾਧੂ
ਚੁਣੇ ਜਾਣ ਤੇ ਚੋਰਾਂ ਵਾਂਗੂ ਕਰਦੇ ਘਾਲ-ਮ-ਘਾਲੇ।

ਅਸੀਂ ਤਾਂ ਦੋਵੇਂ ਘਰ ਬੈਠੇ ਸੀ ਸਾਂਝਾ ਵਿਹੜਾ ਕਰ ਕੇ
ਕਿਸਨੇ ਆ ਕੇ ਕੰਧਾਂ ਪਾਈਆਂ ਸਾਡੇ ਵਿੱਚ ਵਿਚਾਲੇ।

ਅਸੀਂ ਤਾਂ ਖ਼ੂਨ ਪਸੀਨਾ ਹੋ ਕੇ ਫੁਲਵਾੜੀ ਨੂੰ ਲਾਇਆ
ਜ਼ੋਰਾ ਜ਼ਰਬੀ ਮਾਲਕ ਬਣ ਗਏ ਰੱਖੇ ਜੋ ਰਖਵਾਲੇ।

ਲ਼ਾਲਚ ਦੇ ਵਿੱਚ ਖੁੱਭੇ ਰਹਿੰਦੇ ਛੋਟੇ ਜਿਹੇ ਦਿਲ ਵਾਲੇ
ਸਭ ਕੁਝ ਕਰਨ ਨਿਛਾਵਰ ਆਪਣਾ ਵੱਡੀਆਂ ਰੂਹਾਂ ਵਾਲੇ।

 

                          (ਪ੍ਰਤਿਮਾਨ, ਜੁਲਾਈ-ਸਤੰਬਰ 2007 ਵਿੱਚ ਛਪੀ)

                      

   
                               
     

         

ਜਦ ਕਦੇ ਵੀ ਦਿਲ ਨੂੰ ਮੈਂ ਹੈ ਵਰਜਿਆ।
ਉਸ ਵਕਤ ਹੀ ਹਾਦਸਾ ਕੋਈ ਹੋ ਗਿਆ।

ਉਸਦਾ ਚਿਹਰਾ ਹੈ ਨਿਰਾ ਕਵਿਤਾ ਜਿਹਾ
ਜਿਸਨੇ ਪੜ੍ਹਿਆ ਓਸਨੂੰ ਹੀ ਮੋਹ ਲਿਆ।

ਉਸਦੀਆਂ ਮਾਸੂਮ ਗੱਲਾਂ ਦੀ ਕਸਮ
ਉਸਨੂੰ ਸੁਣਨਾ ਹੀ ਏ ਜ਼ਿੰਦਗੀ ਹੋ ਗਿਆ।

ਮੀਂਹ ਪਏ, ਪਤਝੜ੍ਹ ਗਈ, ਆਈ ਬਹਾਰ
ਜਿਹੜਿਆਂ ਰਾਹਾਂ ਤੋਂ ਓਹੋ ਗੁਜ਼ਰਿਆ।

ਇੱਕ ਸਮੁੰਦਰ ਉਛਲਦਾ ਸੀ ਦਿਸ ਰਿਹਾ
ਉਸਦੀਆਂ ਅੱਖਾਂ 'ਚ ਜਦ ਵੀ ਦੇਖਿਆ।

 

                          (ਪ੍ਰਤਿਮਾਨ, ਜੁਲਾਈ-ਸਤੰਬਰ 2007 ਵਿੱਚ ਛਪੀ)

                      

   
                               
     

         

ਅੱਖਾਂ ਵਿਚਲੀ ਚੁੱਪ ਵਾਂਗੂ ਤੂੰ ਮਿਲੀਂ।

ਮੀਂਹ 'ਚ ਨਿਕਲੀ ਧੁੱਪ ਵਾਂਗੂ ਤੂੰ ਮਿਲੀਂ।

ਸ਼ੋਰ ਤੇ ਹੰਗਾਮਿਆਂ ਦੀ ਜ਼ਿੰਦਗੀ ਵਿੱਚ

ਕਬਰ ਦੀ ਇਕ ਚੁੱਪ ਵਾਂਗੂ ਤੂੰ ਮਿਲੀਂ।

ਸਰਦ ਮੌਸਮ ਵਿੱਚ ਨਿੱਘੇ ਪਿਆਰ ਜਿਹੀ

ਕੋਸੀ ਕੋਸੀ ਧੁੱਪ ਵਾਂਗੂ ਤੂੰ ਮਿਲੀਂ।

ਬਰਫ਼ ਵਿੱਚ ਲੱਦੇ ਸਦਾ ਰਹਿੰਦੇ ਨੇ ਜੋ

ਪਰਬਤਾਂ ਦੀ ਚੁੱਪ ਵਾਂਗੂ ਤੂੰ ਮਿਲੀਂ।

ਅੱਗ ਦੇ ਵਿੱਚ ਸ਼ਹਿਰ ਸਾਰਾ ਜਲਣ ਬਾਦ

ਕਰਫਿਊ ਦੀ ਚੁੱਪ ਵਾਂਗੂ ਤੂੰ ਮਿਲੀਂ।

ਪਰਬਤਾਂ ਤੋਂ ਡਿਗਕੇ ਢਹਿ ਕੇ ਖੜ੍ਹ ਗਈ

ਇੱਕ ਨਦੀ ਦੀ ਚੁੱਪ ਵਾਂਗੂ ਤੂੰ ਮਿਲੀਂ।

                          (ਪ੍ਰਤਿਮਾਨ, ਅਕਤੂਬਰ-ਦਸੰਬਰ 2006 ਵਿੱਚ ਛਪੀ)

                      

   
                               
     

          

ਕੌਣ ਕਰੇ ਇਤਬਾਰ ਇਨ੍ਹਾਂ ਦੇ ਲਾਰੇ ਤੇ?
ਕਿੰਨਾਂ ਚਿਰ ਕੋਈ ਜੀਵੇ ਫੋਕੇ ਨਾਹਰੇ ਤੇ?

        
ਰੋਟੀ, ਕਪੜਾ, ਕੁੱਲੀ ਹੀ ਤਾਂ ਚਾਹੀਦੀ
ਕਾਹਨੂੰ ਲਾਇਆ ਜ਼ੋਰ ਹੈ ਏਸ ਪਸਾਰੇ ਤੇ?
          

ਇਸਦੇ ਲਹੂ ਦਾ ਕਰਜ਼ਾ ਕਿੱਦਾਂ ਲਾਹੋਗੇ
ਤਰਸ ਕਰੋ ਕੁਝ ਏਸ ਗਰੀਬੀ ਮਾਰੇ ਤੇ।
        

ਇਸ ਕੋਠੀ ਵਿੱਚ ਲੋਕ ''ਭਲੇ" ਜਿਹੇ ਰਹਿੰਦੇ ਨੇ
ਰੋਜ਼ ਤਸ਼ੱਦਦ ਹੁੰਦਾ ਏਸ ਚੁਬਾਰੇ ਤੇ।
         

ਸੂਰਜ ਚੜ੍ਹ ਪਏ ਤੇਰੀ ਇੱਕੋ ਸੈਨਤ ਤੇ
ਬੱਦਲ ਵਰ ਪਏ ਤੇਰੇ ਇਕ ਇਸ਼ਾਰੇ ਤੇ।
          

ਪਿਆਸ ਮੇਰੀ ਦੀ ਸੀਮਾਂ ਵਧਦੀ ਜਾਂਦੀ ਹੈ
ਘਰ ਹੈ ਮੇਰਾ ਭਾਵੇਂ ਨਦੀ ਕਿਨਾਰੇ ਤੇ।
          

                 (ਪ੍ਰਤਿਮਾਨ, ਅਕਤੂਬਰ-ਦਸੰਬਰ 2006 ਵਿੱਚ ਛਪੀ)

    
   
                               
              

ਤੇਰੇ ਹੁੰਦਿਆਂ ਸ਼ਹਿਰ ਇਹ ਆਬਾਦ ਸੀ।
ਹਰ ਗੁਲਾਮੀ ਤੋਂ ਏਹੇ ਆਜ਼ਾਦ ਸੀ।

ਇਕ ਗੱਲ ਆਖੀ ਕਿਸੇ ਨੇ, ਅੱਗ ਲੱਗੀ
ਸ਼ਹਿਰ ਸਾਰਾ ਹੋ ਗਿਆ ਬਰਬਾਦ ਸੀ।

'ਕਤਲ ਤੇਰਾ ਦੇਊਗਾ ਬਦਨਾਮੀਆਂ'
ਕਹਿ ਰਿਹਾ ਮੈਨੂੰ ਮੇਰਾ ਜ਼ਲਾਦ ਸੀ।

ਦੇਰ ਬਾਦ ਖ਼ਤ ਸੀ ਆਇਆ, ਲਿਖਿਆ ਸੀ
ਮੈਂ ਤੇਰੇ ਨਾਲ ਖੁਸ਼ ਅਤੇ ਆਬਾਦ ਸੀ।

ਮੈਂ ਜਦੋਂ ਮਕਤਲ ਦੇ ਕੋਲੋਂ ਲੰਘਿਆ
ਉਸਨੂੰ ਮੇਰਾ ਕਤਲ ਹਾਲੇ ਯਾਦ ਸੀ।

ਅੱਗ ਦੇ ਨਾਲ ਦੋਸਤੀ ਪਾਇਆ ਨਾ ਕਰ
ਉਸਦਾ ਏਹੇ ਹੁਕਮ ਜਾਂ ਫ਼ਰਿਆਦ ਸੀ?
          

              (ਪ੍ਰਤਿਮਾਨ, ਅਕਤੂਬਰ-ਦਸੰਬਰ 2006 ਵਿੱਚ ਛਪੀ)

                  
   
                               

 

 

 

 

                                 

ਖੋਲ੍ਹੇ, ਟਿੱਬੇ, ਰੇਤੇ, ਖੰਡਰ, ਇਹ ਕੇਹੀਆਂ ਨੇ ਰਾਹਵਾਂ?
ਪੈਰਾਂ ਦੇ ਵਿੱਚ ਛਾਲੇ ਪੈ ਗਏ, ਫਿਰ ਵੀ ਤੁਰਦਾ ਜਾਵਾਂ।

ਰੇਤੇ ਦੇ ਵਿੱਚ ਲਹਿਰਾਂ ਛੱਡੇਂ, ਪਾਣੀ ਉੱਤੇ ਪੈੜਾਂ
ਕਲਾ ਤੇਰੀ ਦਾ ਜਾਦੂ ਹੈ ਜਾਂ ਤੇਰੀਆਂ ਸ਼ੋਖ਼ ਅਦਾਵਾਂ।

ਰਾਹਾਂ ਦੇ ਵਿੱਚ ਕੰਡੇ ਖਿੱਲਰੇ, ਵਗਣ ਤਪਦੀਆਂ ਲੂਆਂ
'ਕੱਲਮ-ਕੱਲਾ ਤੁਰਿਆ ਜਾਵਾਂ, ਨਾਲ ਮੇਰਾ ਪਰਛਾਵਾਂ।

ਪੱਤਝੜ ਦਾ ਰੁੱਖ ਮੇਰੇ ਘਰ ਦੇ ਵਿਹੜੇ ਦੇ ਵਿੱਚ ਲੱਗਾ
ਲੋੜ ਪਵੇ ਜਦ ਮੈਨੂੰ ਤਾਂ ਮੈਂ ਉਸ ਤੋਂ ਮੰਗਾਂ ਛਾਵਾਂ।

ਮਾਰੂਥਲ ਵਿੱਚ ਉੱਗਿਆ ਜੀਕੂੰ ਕੋਈ ਰੁੱਖ ਨਿਮਾਣਾ
ਮੇਰੀ ਜ਼ਿੰਦਗੀ ਦਾ ਵੀ ਏਸੇ ਵਰਗਾ ਹੈ ਸਿਰਨਾਵਾਂ।

ਅੱਗ 'ਚ ਜੀਵਾਂ, ਅੱਗ 'ਚ ਖੇਡਾਂ, ਅੱਗ 'ਚ ਹੱਸਾਂ ਰੋਵਾਂ
ਛੋਟੀ ਉਮਰੇ ਅੱਗ ਦਾ ਮੈਨੂੰ ਪੈ ਗਿਆ ਸੀ ਪਰਛਾਵਾਂ।
          

              (ਅੱਖਰ, ਮਾਰਚ-ਅਪਰੈਲ 2006 ਵਿੱਚ ਛਪੀ)

                                 

   
                               
     

                                 

ਜ਼ਿੰਦਗੀ ਦੇ ਵਿਚ ਹਰ ਮੌਸਮ ਮੈਂ ਕੱਪੜੇ ਜਿਉਂ ਹੰਢਾਇਆ ਹੈ।
ਪਰ ਕੋਈ ਵੀ ਮੌਸਮ ਮੇਰੇ ਦਿਲ ਨੂੰ ਰਾਸ ਨਾ ਆਇਆ ਹੈ।

ਚੋਟਾਂ ਖਾ ਖਾ ਮੰਜ਼ਿਲ ਉੱਤੇ ਆਖ਼ਰ ਨੂੰ ਮੈਂ ਪਹੁੰਚ ਗਿਆਂ
ਜ਼ਿੰਦਗੀ ਨੇ ਹਰ ਮੋੜ 'ਤੇ ਮੈਨੂੰ ਪੱਥਰ ਜਿਉਂ ਅਜ਼ਮਾਇਆ ਹੈ।

ਕੌੜੇ ਪਲ ਹੰਢਾਉਂਦਿਆਂ ਮੈਂ ਤਾਂ ਅੱਧੀ ਉਮਰ ਗੁਜ਼ਾਰੀ ਹੈ
ਮਿੱਠਾ ਪਲ ਮਤਰੇਈ ਵਾਂਗੂੰ ਮੇਰੇ ਰਾਸ ਨਾ ਆਇਆ ਹੈ।

ਮੈਂ ਤਾਂ ਆਪਣਾ ਦਿਲ ਡੋਲਣ ਤੋਂ ਪੱਥਰ ਕਰਕੇ ਸਾਂਭ ਲਿਆ
ਰੋਜ਼ ਹੀ ਫੁੱਲਾਂ ਕਲੀਆਂ ਨੇ ਤਾਂ ਦਿਲ ਮੇਰਾ ਭਰਮਾਇਆ ਹੈ।

ਕਹਿੰਦਾ ਸੀ ਜੋ ਹਾਕ ਤੇਰੀ 'ਤੇ ਝੱਟ ਪੱਟ ਹਾਜ਼ਰ ਹੋਵਾਂਗਾ
ਲਗਦਾ ਉਸਨੇ ਦਿਲ ਰੱਖਣ ਲਈ ਮੈਨੂੰ ਲਾਰਾ ਲਾਇਆ ਹੈ।

ਪੱਤਝੜਾਂ ਦੇ ਪੱਤੇ ਵਾਂਗੂੰ ਰੁਲਦਾ ਫਿਰਦਾਂ ਥਾਂ ਥਾਂ 'ਤੇ
ਕਿਸਮਤ ਨੇ ਹਰ ਪਾਸੇ ਮੈਨੂੰ ਉਸਦੇ ਵਾਂਗ ਉਡਾਇਆ ਹੈ।
          

           (ਸਿਰਜਣਾ, ਜੁਲਾਈ-ਸਤੰਬਰ 2005 ਵਿੱਚ ਛਪੀ)

                                 

   
                               
     

                                 

ਸੌਖੀਆਂ ਹੁੰਦੀਆਂ ਨੇ ਗੱਲਾਂ ਕਰਨੀਆਂ।
ਔਖੀਆਂ ਹੁੰਦੀਆਂ ਝਨਾਵਾਂ ਤਰਨੀਆਂ।

ਸੌਖਾ ਦੂਜੇ ਦਾ ਉਡਾਉਣਾ ਹੈ ਮਖ਼ੌਲ
ਔਖੀਆਂ ਗੱਲਾਂ ਨੇ ਆਪੂੰ ਜਰਨੀਆਂ।

ਐਂਵੇਂ ਨਾ 'ਮਨਸੂਰ' ਦੀ ਪਦਵੀ ਮਿਲੇ
ਪੈਂਦੀਆਂ ਲੱਖਾਂ ਸਜ਼ਾਵਾਂ ਭਰਨੀਆਂ।

ਇਸ਼ਕ ਵਿੱਚ ਮੰਗਾਂ ਨਾ ਮੈਂ ਕੋਈ ਲਿਹਾਜ਼
ਆ ਗਈਆਂ ਮੈਨੂੰ ਸਜ਼ਾਵਾਂ ਜਰਨੀਆਂ।

ਰਲ ਕੇ ਸਾਡੇ ਦੁਸ਼ਮਣਾਂ ਦੇ ਨਾਲ 'ਮਾਨ'
ਆ ਗਈਆਂ ਗੱਲਾਂ ਨੇ ਤੈਨੂੰ ਕਰਨੀਆਂ।
          

           (ਸੂਲ ਸੁਰਾਹੀ, ਮਾਰਚ-ਮਈ 2005 ਵਿੱਚ ਛਪੀ)

                                 

   
                               
     

                                 

ਤਪਦੇ ਮਾਰੂਥਲ ਦੇ ਅੰਦਰ ਮੈਂ ਤੇ ਮੇਰਾ ਸਾਇਆ ਹੈ।
ਸਾਇਆ ਜਿਸ ਨੇ ਮੁਸ਼ਕਲ ਵੇਲੇ ਮੇਰਾ ਸਾਥ ਨਿਭਾਇਆ ਹੈ।

ਕੰਡਿਆਂ ਦਾ ਹੁੰਗਾਰਾ ਮੇਰੇ ਨਾਲ ਰਿਹਾ ਏ ਹਰ ਵੇਲੇ
ਫੁੱਲਾਂ ਨੇ ਤਾਂ ਹਰ ਵੇਲੇ ਹੀ ਮੇਰਾ ਦਿਲ ਤੜਪਾਇਆ ਹੈ।

ਕੌਣ ਕਹੇ ਮੈਂ ਰਾਤਾਂ ਕੋਲੋਂ ਡਰ ਡਰ ਲੁਕਦਾ ਰਹਿੰਦਾ ਹਾਂ?
ਮੈਂ ਤਾਂ ਜਿੰਦ ਨੂੰ ਦਿਨ ਤੇ ਰਾਤੀਂ ਦੀਵੇ ਵਾਂਗ ਜਗਾਇਆ ਹੈ।

ਰਾਤ ਅੰਧੇਰੀ, ਝੱਖੜ ਝੁੱਲੇ, ਬਿਜਲੀ ਕੜਕੇ ਹਰ ਪਾਸੇ
ਫਿਰ ਵੀ ਕੱਲ੍ਹ ਸਵੇਰੇ ਦਾ ਮੈਂ ਦਿਲ ਨੂੰ ਲਾਰਾ ਲਾਇਆ ਹੈ।

ਮੇਰੀ ਤਾਂ ਹੈ ਉਮਰਾ ਯਾਰੋ ਸਿਗਰਟ ਵਾਂਗੂੰ ਬੀਤ ਰਹੀ
ਰੋਜ਼ ਦਿਹਾੜੇ ਮੈਂ ਆਪੇ ਨੂੰ ਸਿਗਰਟ ਜਿਉਂ ਸੁਲਘਾਇਆ ਹੈ।
          

                         (ਅੱਖਰ, ਮਈ-ਜੂਨ 2004 ਵਿੱਚ ਛਪੀ)

                                 

   
                               
     

                                 

ਲੰਘ ਗਏ ਉਹ ਕੋਲ ਦੀ ਕੁਝ ਇਸ ਅਦਾ ਦੇ ਨਾਲ।
ਪੱਤਾ ਜਿਉਂ ਗੁਜ਼ਰੇ ਕੋਈ ਚਲਦੀ ਹਵਾ ਦੇ ਨਾਲ।

ਜਿੰਨੇ ਜ਼ਿਆਦਾ ਕਰ ਰਿਹਾ ਕੋਈ ਗੁਨਾਹ ਹੈ ਰੋਜ਼
ਓਨੀ ਜ਼ਿਆਦਾ ਲਗਨ ਹੈ ਉਸਦੀ ਖ਼ੁਦਾ ਦੇ ਨਾਲ।

ਜਿਸਨੇ ਕਦੇ ਨਹੀਂ ਸੋਚਿਆ ਲਾ ਕੇ ਨਿਭਾਉਣ ਦਾ
ਲਾਈਏ ਜੇ ਦਿਲ ਤਾਂ ਕਿਸ ਤਰਾਂ ਉਸ ਬੇਵਫ਼ਾ ਦੇ ਨਾਲ।

ਵਰਨਾ ਇਹ ਦਿਲ ਵੀ ਦਿਲ ਸੀ ਕੀ ਖ਼ੁਸ਼ੀਆਂ ਬਖੇਰਦਾ
ਰੋਂਦਾ ਏ ਹੁਣ ਤਾਂ ਰਹਿ ਗਿਆ ਤੇਰੀ ਵਜ੍ਹਾ ਦੇ ਨਾਲ।

ਤੇਰੇ ਬਗ਼ੈਰ ਭਾਅ ਰਹੀ ਕੋਈ ਬਹਾਰ ਨਾ
ਜ਼ਿੰਦਗੀ ਲੰਘਾ ਰਿਹਾਂ ਮੈਂ ਹੁਣ ਗ਼ਮ ਦੇ ਸ਼ੁਦਾ ਦੇ ਨਾਲ।
          

             (ਅੱਖਰ, ਮਈ-ਜੂਨ 2004 ਵਿੱਚ ਛਪੀ)

                                 

   
                               
     

                                 

ਅਪਣੇ ਘਰ ਦੀਆਂ ਸਾਰੀਆਂ ਕੰਧਾਂ।
ਲੱਗਣ ਸਦਾ ਪਿਆਰੀਆਂ ਕੰਧਾਂ।

ਮੇਰੇ ਵਾਂਗੂੰ ਮੇਰੇ ਘਰ ਦੀਆਂ
ਕੱਚੀਆਂ ਕਰਮਾਂ ਮਾਰੀਆਂ ਕੰਧਾਂ।

ਲੋੜ ਪਈ ਤੇ ਢੋਅ ਦਿੰਦੀਆਂ ਨੇ
ਲੱਗਣ ਤਦੇ ਪਿਆਰੀਆਂ ਕੰਧਾਂ।

ਸੋਗ ਖ਼ੁਸ਼ੀ ਵਿੱਚ ਮੇਰੇ ਸਾਥੀ
ਘਰ ਦੇ ਬੂਹੇ ਬਾਰੀਆਂ ਕੰਧਾਂ।

ਖ਼ੂਨ ਦੀਆਂ ਨੀਆਂ 'ਤੇ ਖੜੀਆਂ
ਪਾਪਾਂ ਨਾਲ ਉਸਾਰੀਆਂ ਕੰਧਾਂ।
          

           (ਸਾਹਿਤਕ ਸੰਖ, ਮਈ-ਅਗਸਤ 2004 ਵਿੱਚ ਛਪੀ)

                                 

   
                               
     

                                 

ਜੀਅ ਕਰਦਾ ਏ ਸਿਗਰਟ ਵਾਂਗੂੰ ਅਪਣੀ ਉਮਰ ਧੁਖਾਵਾਂ।
ਸਾਗਰ ਦੇ ਵਿਚ ਮਛਲੀ ਵਾਂਗਰ ਭਟਕਾਂ ਤੇ ਮਰ ਜਾਵਾਂ।

ਹਾਲੇ ਵੀ ਇਸ ਦਿਲ ਚੰਦਰੇ ਨੇ ਆਸ ਕਿਸੇ 'ਤੇ ਲਾਈ
ਢਲ ਚੱਲੀਆਂ ਨੇ ਸ਼ਾਮਾਂ ਜਦ ਕਿ ਢਲ ਚੱਲਿਆ ਪਰਛਾਵਾਂ।

ਮਕਤਲ ਦੇ ਵਿੱਚ ਘਰ ਹੈ ਮੇਰਾ ਮਕਤਲ ਦੇ ਵਿਚ ਵਾਸਾ
ਰੋਜ਼ ਦਿਹਾੜੇ ਕੂਕਦੀਆਂ ਨੇ ਓਪਰੀਆਂ ਘਟਨਾਵਾਂ।

ਹੋਈ ਉਮਰ ਬਿਹਾਗਣ ਮੇਰੀ, ਜਿੰਦ ਨੂੰ ਲੱਗਾ ਝੋਰਾ
ਇਕ ਪਲ ਤੈਨੂੰ ਮੋਹ ਲੈਣੇ ਦੀਆਂ ਕਿੰਨੀਆਂ ਘੋਰ ਸਜ਼ਾਵਾਂ।

ਸੌ ਪੀੜਾਂ ਹਨ ਖੜ੍ਹੀਆਂ ਮੇਰੇ ਘਰ ਦਹਿਲੀਜ਼ ਦੇ ਉੱਤੇ
ਕਿਹੜੀ ਪੀੜਾ ਛੱਡ ਦਿਆਂ ਤੇ ਕਿਹੜੀ ਨੂੰ ਪਰਨਾਵਾਂ?

ਜੰਗਲ ਵਰਗੇ ਦੇਸ਼ ਦੇ ਅੰਦਰ ਮਾਰੂਥਲ ਜਿਹਾ ਸ਼ਹਿਰ
ਜਦ ਵੀ ਕੋਈ ਪੁੱਛੇ ਦੱਸਾਂ ਮੈਂ ਅਪਣਾ ਸਿਰਨਾਵਾਂ।
          
      (ਕਹਾਣੀ ਪੰਜਾਬ, ਅਕਤੂਬਰ-ਦਸੰਬਰ 2004 ਵਿੱਚ ਛਪੀ)

                                 

   
                               
     

                                 

ਤੁਰ ਗਿਆ ਸੀ ਜੋ ਸਵੇਰਾ ਜਾਣ ਕੇ!
ਆ ਗਿਆ ਵਾਪਸ ਹਨ੍ਹੇਰਾ ਛਾਣ ਕੇ!

ਕਿਸ ਤਰ੍ਹਾਂ ਯਾਦਾਂ ਦਾ ਪੱਲਾ ਛੱਡ ਦਿਆਂ
ਰਾਤ ਸਾਰੀ ਸੁਪਨਿਆਂ ਵਿਚ ਮਾਣ ਕੇ!

ਪਰਤਿਆ ਆਖ਼ਰ ਨੂੰ ਮੇਰੇ ਹੀ ਦੁਆਰ
ਤੁਰ ਗਿਆ ਜਿਹੜਾ ਸੀ ਪੱਕੀ ਠਾਣ ਕੇ।

ਕਿਸ ਤਰ੍ਹਾਂ ਭੁੱਲਾਂ ਉਹਦਾ ਇਹਸਾਨ, ਜੋ
ਦੇ ਗਿਆ ਬਿਰਹਾ ਦੇ ਤੰਬੂ ਤਾਣ ਕੇ।

ਸਫ਼ਲਤਾ ਨਿਕਲੀ ਨਿਰੀ ਧੋਖਾ ਫ਼ਰੇਬ
ਅਪਣਾ ਲਈ ਸੀ ਮੈਂ ਜੋ ਅਪਣੀ ਜਾਣ ਕੇ।

ਸਾਧੂਆਂ ਦੀ ਜ਼ਿੰਦਗੀ ਹੁਣ ਜੀਅ ਰਿਹਾਂ
ਦੇਖ ਲਈ ਜ਼ਿੰਦਗੀ ਬਥੇਰੀ ਮਾਣ ਕੇ।

ਰਹਿਣ ਦੇਵੋ ਭੇਦ ਮੇਰੇ ਭੇਦ ਹੀ
ਕੀ ਕਰੋਗੇ ਭੇਦ ਮੇਰੇ ਜਾਣ ਕੇ।
                

           (ਕਹਾਣੀ ਪੰਜਾਬ, ਅਕਤੂਬਰ-ਦਸੰਬਰ 2004 ਵਿੱਚ ਛਪੀ)

                                 

   
                               
     

                                 

ਇਹ ਗੱਲ ਜਿਹੜੀ ਮੈਂ ਕਹਿੰਦਾ ਹਾਂ, ਇਹ ਗੱਲ ਕੋਈ ਆਮ ਨਹੀਂ ਏ।
ਝੂਠ ਨਾ ਬੋਲੋ ਮੇਰੇ ਯਾਰੋ, ਇਸ਼ਕ ਮੇਰਾ ਨਾਕਾਮ ਨਹੀਂ ਏ।

ਮੈਨੂੰ ਕੱਲੇ ਨੂੰ ਕਿਉਂ ਆਖੋਂ, ਬਾਕੀ ਵੀ ਦਰ ਜਾ ਕੇ ਦੇਖੋ
ਕਿਹੜਾ ਜੇਸ ਗੁਨਾਹ ਨਹੀਂ ਕੀਤਾ, ਕਿਹੜਾ ਜੋ ਬਦਨਾਮ ਨਹੀਂ ਏ।

ਮਿਹਨਤ ਦੇ ਨਾਲ ਹਰ ਥਾਂ ਪਹੁੰਚੂੰ ਜਿੱਥੇ ਵੀ ਮੈਂ ਜਾ ਸਕਦਾ ਹਾਂ
ਮੇਰੀ ਮੰਜ਼ਿਲ ਇਕ ਨਹੀਂ ਏ, ਮੇਰਾ ਇਕ ਮੁਕਾਮ ਨਹੀਂ ਏ।

ਕੀ ਹੋਇਆ ਜੇ ਹੋਰ ਕੋਈ ਤੂੰ ਦੋਸ਼ ਮੇਰੇ 'ਤੇ ਲਾ ਦਿੱਤਾ ਹੈ
ਕਿਹੜਾ ਮੌਕਾ ਜਦ ਮੇਰੇ 'ਤੇ ਲਾਇਆ ਤੂੰ ਇਲਜ਼ਾਮ ਨਹੀਂ ਏ।

ਵੱਢ ਵੱਢ ਖਾਂਦੇ ਮੇਰੇ ਮਨ ਨੂੰ ਆਪਣੇ ਘਰ ਦੇ ਫ਼ਿਕਰ ਬੜੇ ਨੇ
ਮੇਰੇ ਯਾਰਾ ਮੇਰੀ ਤਾਂ ਇਹ ਤੇਰੇ ਵਰਗੀ ਸ਼ਾਮ ਨਹੀਂ ਏ।
          

            (ਕਹਾਣੀ ਪੰਜਾਬ, ਅਕਤੂਬਰ-ਦਸੰਬਰ 2004 ਵਿੱਚ ਛਪੀ) 

                                

   
                               
     

                                 

ਇਹ ਮਾਰੂਥਲ ਹੀ ਏ ਹਾਲੇ, ਅਜੇ ਆਏ ਕਿਨਾਰੇ ਨਹੀਂ।
ਜਿਹੜੀ ਥਾਂ ਪਹੁੰਚ ਗਏ ਆਪਾਂ, ਇਹੇ ਆਪਣੇ ਦੁਆਰੇ ਨਹੀਂ।

ਅਜੇ ਮੰਜ਼ਲ 'ਤੇ ਜਾਣਾ ਹੈ, ਅਜੇ ਆਸ਼ਾ ਨੂੰ ਪਾਣਾ ਹੈ
ਅਜੇ ਨਹੀਂ ਹੌਸਲਾ ਮਰਿਆ, ਅਜੇ ਤਾਂ ਪੈਰ ਹਾਰੇ ਨਹੀਂ।

ਤਲੀ 'ਤੇ ਸੀਸ ਧਰਿਆ ਹੈ, ਤੁਹਾਡੇ ਨਾਲ ਹਾਂ ਮੈਂ ਵੀ
ਇਹੇ ਇਕਰਾਰ ਹੈ ਮੇਰਾ, ਕੋਈ ਝੂਠੇ ਤਾਂ ਲਾਰੇ ਨਹੀਂ।

ਕਿਉਂ ਜ਼ਾਲਮ ਭਲਾ ਸਾਨੂੰ ਐਵੇਂ ਨਿਰਮੂਲ ਹੀ ਮੰਨੇਂ
ਅਸੀਂ ਤਾਂ ਭਖਦੇ ਸੂਰਜ ਹਾਂ, ਕੋਈ ਬੁਝਦੇ ਅੰਗਾਰੇ ਨਹੀਂ।

ਜਿਨ੍ਹਾਂ ਦੇ ਪੇਟ ਭੁੱਖੇ ਨੇ, ਜਿਨ੍ਹਾਂ ਨੇ ਪਹਿਨੀਆਂ ਲੀਰਾਂ
ਇਹੇ ਲੋਕਾਂ ਦੇ ਮਾਰੇ ਨੇ, ਇਹੇ ਕਿਸਮਤ ਦੇ ਮਾਰੇ ਨਹੀਂ।
          

         (ਕਹਾਣੀ ਪੰਜਾਬ, ਅਕਤੂਬਰ-ਦਸੰਬਰ 2004 ਵਿੱਚ ਛਪੀ)

                                 

   
                               
     

                                 

ਤੇਰੇ ਨਾਲ ਹੀ ਰਾਤ ਪਿਆਰੀ ਲਗਦੀ ਹੈ।
ਤੂੰ ਹੋਵੇਂ, ਬਰਸਾਤ ਪਿਆਰੀ ਲਗਦੀ ਹੈ।

ਜਿਸ ਦਿਨ ਤੈਨੂੰ ਮਿਲਣੇ ਦਾ ਇਕਰਾਰ ਹੋਵੇ
ਉਸ ਦਿਨ ਦੀ ਪ੍ਰਭਾਤ ਪਿਆਰੀ ਲਗਦੀ ਹੈ।

ਪਿਆਰ 'ਚ ਬੋਲੇਂ ਜਾਂ ਤੂੰ ਬੋਲੇਂ ਰੰਜਸ਼ ਵਿੱਚ
ਤੇਰੀ ਹਰ ਇਕ ਬਾਤ ਪਿਆਰੀ ਲਗਦੀ ਹੈ।

ਕੀ ਹੋਇਆ ਜੇ ਤੈਥੋਂ ਮਿਲੀਆਂ ਪੀੜਾਂ ਹੀ
ਤੇਰੀ ਹਰ ਸੌਗਾਤ ਪਿਆਰੀ ਲਗਦੀ ਹੈ।

ਮੈਨੂੰ ਤਾਂ ਇਨਸਾਨ ਪਿਆਰੇ ਲਗਦੇ ਨੇ
ਕੁਝ ਲੋਕਾਂ ਨੂੰ ਜ਼ਾਤ ਪਿਆਰੀ ਲਗਦੀ ਹੈ।
          

     (ਕਹਾਣੀ ਪੰਜਾਬ, ਅਕਤੂਬਰ-ਦਸੰਬਰ 2004 ਵਿੱਚ ਛਪੀ)